www.sabblok.blogspot.com
ਕਾਹਨੂੰਵਾਨ/ ਤਲਵਾੜਾ/ਟਾਂਡਾ ਉੜਮੁੜ : ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਪੈ ਰਹੀ ਬਾਰਸ਼ ਕਾਰਨ ਪੰਜਾਬ 'ਚ ਵੱਖ-ਵੱਖ ਥਾਈਂ ਦਰਿਆਵਾਂ 'ਤੇ ਬਣੇ ਡੈਮਾਂ 'ਚ ਪਾਣੀ ਦਾ ਪੱਧਰ ਕਿਤੇ ਤਾਂ ਖ਼ਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਤੇ ਕਿਤੇ ਖ਼ਤਰੇ ਦਾ ਨਿਸ਼ਾਨ ਟੱਪ ਗਿਆ। ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ 'ਚ ਪਾਣੀ ਦਾ ਪੱਧਰ ਸ਼ੁੱਕਰਵਾਰ ਨੂੰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ। ਇਸ ਕਾਰਨ ਫਲੱਡ ਗੇਟਾਂ ਨੂੰ ਅੱਠ ਫੁੱਟ ਤੱਕ ਖੋਲ੍ਹਣਾ ਪਿਆ। ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਅਤੇ ਤਲਵਾੜੇ ਦੇ ਪਿੰਡ ਅਬਦੁੱਲਾਪੁਰ ਸਮੇਤ ਕਈ ਪਿੰਡਾਂ ਦੇ ਖੇਤਾਂ 'ਚ ਪਾਣੀ ਭਰ ਗਿਆ। ਕਾਹਨੂੰਵਾਨ 'ਚ ਕਈ ਏਕੜ ਫਸਲ ਬਰਬਾਦ ਹੋ ਗਈ। ਇੱਥੇ ਧੁੱਸੀ ਬੰਨ੍ਹ ਦੇ ਨੇੜੇ ਪਿੰਡਾਂ ਚੋਂ ਲੋਕ ਘਰ ਬਾਰ ਛੱਡ ਕੇ ਸੁਰੱਖਿਅਤ ਥਾਵਾਂ ਵਲ ਜਾਣ ਲੱਗੇ ਹਨ। ਜਾਣਕਾਰੀ ਮੁਤਾਬਕ ਬੀਤੇ 72 ਘੰਟਿਆਂ ਤੋਂ ਦਰਿਆ ਬਿਆਸ ਦੇ ਕੈਚਮੈਂਟ ਇਲਾਕੇ 'ਚ ਹੋ ਰਹੀ ਬਾਰਿਸ਼ ਕਾਰਨ 1410 ਫੁੱਟ ਦੀ ਸਮਰੱਥਾ ਵਾਲੀ ਮਹਾਰਾਣਾ ਪ੍ਰਤਾਪ ਸਾਗਰ ਝੀਲ 'ਚ ਪਾਣੀ ਦਾ ਪੱਧਰ 1382 ਫੁੱਟ ਤੱਕ ਪਹੁੰਚ ਗਿਆ। ਖ਼ਤਰੇ ਤੋਂ ਬਚਣ ਲਈ ਡੈਮ ਦੇ ਫਲੱਡ ਗੇਟ ਅੱਠ ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ। ਡੈਮ 'ਚ ਰੋਜ਼ਾਨਾ 60 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ ਤੇ 54 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਡੈਮ ਤੋਂ ਪਾਣੀ ਛੱਡੇ ਜਾਣ ਨਾਲ ਬਿਆਸ ਦਰਿਆ ਵੀ ਆਫਰਿਆ ਪਿਆ ਹੈ ਤੇ ਪਾਣੀ ਧੁੱਸੀ ਬੰਨ੍ਹ ਨੂੰ ਪਾਰ ਕਰਕੇ ਪਿੰਡਾਂ 'ਚ ਦਾਖ਼ਲ ਹੋ ਰਿਹਾ ਹੈ। ਇਸ ਨਾਲ ਜ਼ਿਲ੍ਹਾ ਗੁਰਦਾਸਾਪੁਰ ਦੇ ਕਾਹਨੂੰਵਾਨ ਇਲਾਕੇ 'ਚ ਬਿਆਸ ਅਤੇ ਇਸ ਦੇ ਕੰਢੇ ਧੁੱਸੀ ਬੰਨ੍ਹ ਨੇੜੇਲੇ ਪਿੰਡਾਂ ਦਾਓਵਾਲ ਜਗਤਪੁਰ, ਦਲੇਰਪੁਰ, ਖੇੜਾ ਆਦਿ 'ਚ ਵੀ ਪਾਣੀ ਦਾਖ਼ਲ ਹੋ ਗਿਆ। ਫਸਲਾਂ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਈਆਂ ਹਨ ਅਤੇ ਧੁੱਸੀ ਬੰਨ੍ਹ ਅੰਦਰ ਰਹਿ ਰਹੇ ਲੋਕਾਂ ਦੇ ਘਰ ਦੀਆਂ ਛੱਤਾਂ ਤੱਕ ਪਾਣੀ ਪਹੁੰਚ ਗਿਆ ਹੈ। ਕਈ ਲੋਕ ਆਪਣੇ ਮਾਲ ਅਸਬਾਬ ਸਮੇਤ ਸੁਰੱਖਿਅਤ ਥਾਂਵਾਂ ਵਲ ਨਿਕਲ ਗਏ ਹਨ ਤੇ ਕੁਝ ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਮਦਦ ਲਈ ਪ੍ਰਸ਼ਾਸ਼ਨ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਲੋਕਾਂ ਦਾ ਕੀਮਤੀ ਸਾਮਾਨ, ਕੀਮਤੀ ਪਸ਼ੂ ਵੀ ਦਰਿਆ 'ਚ ਰੁੜ੍ਹ ਗਏ ਹਨ।
ਪਿੰਡ ਮੌਜਪੁਰ, ਮੁੱਲਾਂਵਾਲ, ਭਸਵਾਲ, ਬੱਢਾਬਾਲਾ, ਆਦਿ ਖੇਤਰ ਵਿੱਚ ਵੀ ਦਰਿਆ ਬਿਆਸ ਵਿੱਚ ਕਾਸ਼ਤ ਕਾਰਨ ਵਾਲੇ ਜਰਨੈਲ ਸਿੰਘ, ਚੰਨਣ ਸਿੰਘ, ਗੁਰਪ੍ਰੀਤ ਸਿੰਘ ਪਸਵਾਲ, ਸਰਪੰਚ ਦਲਬੀਰ ਸਿੰਘ ਮੌਚਪੁਰ ਆਦਿ ਦੀਆਂ ਫਸਲਾਂ ਵੀ ਪਾਣੀ ਦੀ ਭੇਟ ਚੜੀਆਂ ਹਨ। ਪਿੰਡ ਖੇੜਾ ਦੇ ਸਾਹਮਣੇ ਦਰਿਆ ਅੰਦਰ ਬੱਝੇ ਸਪਰਾਂ ਨੂੰ ਬੁਰੀ ਤਰ੍ਹਾਂ ਖਦੇੜਦਿਆਂ ਹੜ ਦਾ ਪਾਣੀ ਧੁੱਸੀ ਬੰਨ ਵੱਲ ਵੱਧ ਚੁੱਕਾ ਹੈ। ਪ੍ਰਸ਼ਾਸਨ ਵਲੋਂ ਕਿਸੇ ਤਰ੍ਹਾਂ ਦੀ ਮਦਦ ਨਾ ਮਿਲਣ ਕਾਰਨ ਪਿੰਡਾਂ ਤੇ ਡੇਰਿਆਂ ਦੇ ਲੋਕਾਂ ਨੇ ਆਪ ਹੀ ਧੁੱਸੀ ਦੀ ਮਰੰਮਤ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਪਾਣੀ ਦਰਿਆ 'ਚ ਛੱਡੇ ਜਾਣ ਕਾਰਨ ਸਾਨੂੰ ਆਪਣਾ ਕੀਮਤੀ ਸਾਮਾਨ ਅਤੇ ਅਨਾਜ ਸਾਂਭਣ ਦਾ ਮੌਕਾ ਨਹੀਂ ਮਿਲਿਆ ਹੈ। ਕੁੱਝ ਸਥਾਨਕ ਲੋਕਾਂ ਸੁਰਜੀਤ ਸਿੰਘ, ਪੂਰਨ ਸਿੰਘ, ਚਮਨਲਾਲ, ਹਰਦੀਪ ਸਿੰਘ, ਸ਼ਮਸ਼ੇਰ ਆਦਿ ਨੇ ਕੁੱਝ ਸਮਾਂ ਪਹਿਲਾਂ ਕੁੱਝ ਸਰਕਾਰ ਮੁਲਾਜਮ ਇਥੇ ਘੁੰਮਦੇ ਦੇਖੇ ਗਏ ਹਨ। ਪਰ ਇਸ ਮੌਕੇ ਸਾਡੇ ਸਹਾਇਤਾ ਲਈ ਕੋਈ ਵੀ ਨਹੀਂ ਬਹੁੜਿਆ ਹੈ। ਉਧਰ ਤਲਵਾੜਾ ਇਲਾਕੇ ਦੇ ਪਿੰਡ ਅਬਦੁੱਲਾਪੁਰ ਦੇ ਆਲੇ ਦੁਆਲੇ ਖੇਤਾਂ 'ਚ ਪਾਣੀ ਭਰ ਜਾਣ ਨਾਲ ਪਿੰਡ ਵਾਲਿਆਂ ਨੂੰ ਪਰੇਸ਼ਾਨੀ ਆ ਰਹੀ ਹੈ। ਐਸਡੀਐਮ ਬਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਹਰਕਰਮ ਸਿੰਘ ਰੰਧਾਵਾ, ਬੀਡੀਓ ਕੁਲਦੀਪ ਸਿੰਘ ਦੀ ਅਗਵਾਈ 'ਚ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕੀਤੇ ਹਨ। ਡੀਸੀ ਨੇ ਦੱਸਿਆ ਕਿ ਹੜ੍ਹ ਦੀ ਸਥਿਤੀ ਤੋਂ ਬਚਣ ਲਈ ਪਿੰਡ 'ਚ ਬੇੜੇ, ਲਾਈਫ ਜੈਕੇਟ, ਟੈਂਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਹਾਲਾਂਕਿ ਧੁੱਸੀ ਬੰਨ੍ਹ ਬਹੁਤ ਮਜ਼ਬੂਤ ਹੈ, ਫਿਰ ਵੀ 75 ਹਜ਼ਾਰ ਸ਼ੈਡ ਬੈਗ ਲੋੜ ਲਈ ਰਖਵਾਏ ਗਏ ਹਨ। ਹਾਲੇ ਸਿਰਫ਼ ਹੇਠਲੇ ਇਲਾਕਿਆਂ ਦੇ ਖੇਤਾਂ 'ਚ ਹੀ ਪਾਣੀ ਭਰਿਆ ਹੈ। ਬਿਆਸ ਨਾਲ ਲਗਦੇ ਕਿਸੇ ਪਿੰਡ 'ਚ ਪਾਣੀ ਨਹੀਂ ਪਹੁੰਚਿਆ। ਉਧਰ ਰੂਪਨਗਰ 'ਚ ਲਗਪਗ 182 ਮਿਲੀਮੀਟਰ ਬਾਰਸ਼ ਹੋਈ, ਜਿਸ ਨਾਲ ਜ਼ਿਲ੍ਹੇ ਦੀਆਂ ਨਦੀਆਂ ਆਫਰੀਆਂ ਪਈਆਂ ਹਨ। ਭਾਖੜਾ ਡੈਮ ਦਾ ਪੱਧਰ 1655.80 ਫੁੱਟ ਪਹੁੰਚ ਚੁੱਕਾ ਹੈ। ਪਠਾਨਕੋਟ 'ਚ ਵੀ ਨੌਂ ਘੰਟੇ ਹੋਈ ਬਾਰਸ਼ ਕਾਰਨ ਚੱਕੀ ਦਰਿਆ ਮੁੜ ਤੋਂ ਆਫਰਿਆ ਪਿਆ ਹੈ।
No comments:
Post a Comment