www.sabblok.blogspot.com
ਅੰਮ੍ਰਿਤਸਰ : ਪੰਜਾਬ ਵਿਚ ਅੱਤਵਾਦ ਦਾ ਕੋਈ ਖ਼ਤਰਾ ਨਹੀਂ ਹੈ ਅਤੇ ਨਾ ਹੀ ਸਰਕਾਰ ਅੱਤਵਾਦ ਨੂੰ ਸਿਰ ਚੁੱਕਣ ਦੇਵੇਗੀ। ਇਸ ਲਈ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਜਿਹੜੀਆ ਕੁਝ ਸੁਆਰਥੀ ਤੇ ਸ਼ਰਾਰਤੀ ਲੋਕਾਂ ਵੱਲੋ ਫੈਲਾਈਆ ਜਾ ਰਹੀਆ ਹਨ।’
ਸੱਚਖੰਡ ਸ੍ਰੀ ਹਰਿੰਮਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਤੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਗੁਰੂਦੁਆਰੇ ਵਿਖੇ ਅਖੰਡ ਪਾਠ ਦਾ ਭੋਗ ਪਾਉਣ ਉਪਰੰਤ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਪਣੀ ਸੁਪਤਨੀ ਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਪਰ ਕੇਂਦਰ ਸਰਕਾਰ ਇਸ ਦੀ ਜ਼ਰੂਰਤ ਵੇਖਦੇ ਹੋਏ ਵੀ ਪੁਲਿਸ ਨੂੰ ਆਧੁਨਿਕ ਕਰਨ ਲਈ ਲੋੜੀਂਦੇ ਫੰਡ ਜਾਰੀ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਅਤੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਫਾਇਆ ਹੋ ਜਾਵੇਗਾ।
ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣ ਰਹੇ ਪਲਾਜ਼ੇ ਦੀ ਉਸਾਰੀ ਦਾ ਜਾਇਜ਼ਾ ਲੈਂਦੇ ਉਪ ਮੁੱਖ ਮੰਤਰੀ ਨੇ ਸਬੰਧਤ ਵਿਭਾਗ ਅਤੇ ਠੇਕੇਦਾਰ ਨੂੰ ਇਹ ਕੰਮ ਦਸੰਬਰ 2012 ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਸ. ਬਾਦਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਹੂਲਤ ਲਈ ਇਸ ਦੀ ਉਸਾਰੀ ਛੇਤੀ ਮੁਕੰਮਲ ਹੋਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਲੱਗਣ ਵਾਲੀ ਆਡੀਓ-ਵੀਡੀਓ ਸੂਚਨਾ ਪ੍ਰਣਾਲੀ ਸ਼ਹਿਰ ਦੀ ਮਹਾਨਤਾ ਦੇ ਨਾਲ-ਨਾਲ ਸਿੱਖ ਵਿਰਸੇ ਬਾਰੇ ਵੀ ਆਉਣ ਵਾਲੇ ਸ਼ਰਧਾਲੂਆਂ ਨੂੰ ਜਾਣੁੂੰ ਕਰਵਾਏਗੀ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀ ਬਾਹਰੀ ਦਿੱਖ ਨੂੰ ਸੰਵਾਰਨ ਸਬੰਧੀ ਵੀ ਕੁੱਝ ਸੁਝਾਅ ਦਿੱਤੇ, ਤਾਂ ਜੋ ਪਲਾਜ਼ੇ ਦੀ ਉਸਾਰੀ ਮੌਕੇ ਸਮੁੱਚੇ ਕੰਪਲੈਕਸ ਦੀ ਸੋਹਣੀ ਦਿੱਖ ਉਭਰ ਸਕੇ। ਸ. ਬਾਦਲ ਨੇ ਦਰਬਾਰ ਸਾਹਿਬ ਦੇ ਬਾਹਰ ਅਤੇ ਇਸਦੇ ਨਾਲ ਲੱਗਦੀਆਂ ਇਮਾਰਤਾਂ ’ਤੇ ਲੱਗੇ ਬੋਰਡ ਹਟਾਉਣ ਦੇ ਨਿਰਦੇਸ਼ ਵੀ ਦਿੱਤੇ।ਸ਼ਹਿਰ ਵਿਚ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਬਾਰੇ ਪੁੱਛੇ ਜਾਣ ’ਤੇ ਸ. ਬਾਦਲ ਨੇ ਕਿਹਾ ਕਿ ਉਹ ਸ਼ਹਿਰ ਨੂੰ ਅੰਤਰਰਾਸ਼ਟਰੀ ਨਕਸ਼ੇ ’ਤੇ ਉਭਾਰਨ ਲਈ ਵਿਕਾਸ ਦੇ ਵੱਡੇ ਪ੍ਰਾਜੈਕਟ ਪ੍ਰਵਾਨ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਕੁੱਝ ਪ੍ਰਾਜੈਕਟ ਚੱਲ ਰਹੇ ਹਨ, ਕੁੱਝ ਇਕ ਦੇ ਟੈਂਡਰ ਕਾਲ ਕੀਤੇ ਗਏ ਹਨ ਅਤੇ ਕੁੱਝ ਸ਼ੁਰੂਆਤੀ ਪੜਾਅ ਵਿਚ ਹਨ। ਉਨ੍ਹਾਂ ਕਿਹਾ ਕਿ ਅਗਲੇ ਤਿੰਨ ਸਾਲ ਵਿਚ ਅੰਮ੍ਰਿਤਸਰ ਸ਼ਹਿਰ ਨੂੰ ਨਵੀਂ ਦਿੱਖ ਦੇ ਦਿੱਤੀ ਜਾਵੇਗੀ ਅਤੇ ਇਹ ਪਵਿੱਤਰ ਸ਼ਹਿਰ ਅੰਤਰਾਸ਼ਟਰੀ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਜਾਵੇਗਾ।
ਉਹਨਾਂ ਦੱਸਿਆ ਕਿ ਰਾਜ ਦੇ ਲੋੜਵੰਦ ਪਰਿਵਾਰਾਂ ਲਈ ਪੰਜਾਬ ਵਿਚ ਜਲਦੀ ਹੀ ਨਵੀਂਆਂ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਛੇਤੀ ਹੀ ਆਟਾ-ਦਾਲ ਲੈਣ ਵਾਲੇ ਪਰਿਵਾਰਾਂ ਲਈ ਬਿਨਾਂ ਕਿਸੇ ਨਕਦ ਭੁਗਤਾਨ ਦੇ ਬੀਮਾ ਸਕੀਮ ਸ਼ੁਰੂ ਕਰਨ ਦਾ ਐਲਾਨ ਕਰਨਗੇ, ਜਿਸ ਤਹਿਤ ਇਨ੍ਹਾਂ ਪਰਿਵਾਰਾਂ ਦਾ 30 ਹਜ਼ਾਰ ਰੁਪਏ ਤੱਕ ਦਾ ਇਲਾਜ ਵੱਡੇ ਹਸਪਤਾਲਾਂ ਵਿਚ ਮੁਫ਼ਤ ਕਰਵਾਉਣ ਦੀ ਸਹੂਲਤ ਹੋਵੇਗੀ। ਉਨ੍ਹਾਂ ਦੱਸਿਆ ਕਿ ਆਟਾ-ਦਾਲ ਸਕੀਮ ਦਾ ਘੇਰਾ ਵਧਾ ਕੇ ਇਸ ਵਿਚ ਹੋਰ ਲੋੜਵੰਦ ਪਰਿਵਾਰ ਵੀ ਜਲਦ ਸ਼ਾਮਿਲ ਕੀਤੇ ਜਾਣਗੇ। ਸ. ਬਾਦਲ ਨੇ ਦੱਸਿਆ ਕਿ ਇਸ ਦੇ ਨਾਲ ਹੀ ਰਾਜ ਦੇ ਸਾਰੇ ਵਾਸੀਆਂ ਲਈ ਬੀਮਾ ਕਵਰ ਦੀ ਸਹੂਲਤ ਵੀ ਛੇਤੀ ਸ਼ੁਰੂ ਕੀਤੀ ਜਾਵੇਗੀ।ਅੱਜ ਇਸ ਮੌਕੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਪੁਲਿਸ ਕਮਿਸ਼ਨਰ ਸ੍ਰੀ ਰਾਮ ਸਿੰਘ, ਭਾਈ ਮਨਜੀਤ ਸਿੰਘ, ਸ. ਰਘੂਜੀਤ ਸਿੰਘ ਵਿਰਕ, ਭਾਈ ਰਾਮ ਸਿੰਘ, ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਅਤੇ ਹੋਰ ਹਸਤੀਆਂ ਵੀ ਉਨ੍ਹਾਂ ਦੇ ਨਾਲ ਸਨ।
No comments:
Post a Comment