www.sabblok.blogspot.com
ਪੁਰਾਣਾ ਸ਼ਾਲਾ, 10 ਅਗਸਤ (ਗੁਰਵਿਦਰ ਸਿੰਘ ਗੁਰਾਇਆ/ਅਸ਼ੋਕ ਸ਼ਰਮਾ)-ਪਹਾੜਾਂ ਵਿਚ ਮੀਂਹ ਕਾਰਨ ਬਿਆਸ ਦਰਿਆ ਵਿਚ ਲੋੜ ਤੋਂ ਵੱਧ ਪਾਣੀ ਆ ਗਿਆ ਹੈ | ਇਸ ਦਰਿਆ ਦੇ ਪਾਣੀ ਦੀ ਸਮਰਥਾ 80 ਹਜ਼ਾਰ ਕਿਊਸਿਕ ਹੈ ਪਰ ਅੱਜ ਪਾਣੀ ਦੀ ਸਮਰਥਾ 1 ਲੱਖ 10 ਹਜ਼ਾਰ ਕਿਊਸਿਕ ਹੋ ਗਈ ਹੈ | ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ 20 ਹਜ਼ਾਰ ਕਿਊਸਿਕ ਪਾਣੀ ਹੋਰ ਆਉਣ 'ਤੇ ਇਲਾਕੇ ਅੰਦਰ ਹੜ੍ਹ ਵਰਗੀ ਸਥਿਤੀ ਬਣ ਜਾਵੇਗੀ | ਇਸ ਦਰਿਆ ਨਾਲ ਲੱਗਦੇ ਪਿੰਡਾਂ ਟਾਂਡਾ, ਦਾਊਵਾਲ, ਭੈਣੀ ਮੀਲਮਾਂ, ਰੰਧਾਵਾ ਕਾਲੋਨੀ, ਭੈਣੀ ਪਸਵਾਲ, ਡੇਰੇ ਤੇ ਕਿਸ਼ਨਪੁਰ ਦੇ ਲੋਕ ਸਹਿਮੇ ਹੋਏ ਹਨ | ਲਗਭਗ 80 ਫੀਸਦੀ ਲੋਕ ਆਪਣੇ ਘਰੇਲੂ ਸਾਮਾਨ ਸਮੇਤ ਧੁੱਸੀ ਬੰਨ੍ਹ 'ਤੇ ਟਰਾਲੀਆਂ ਤੇ ਤੰਬੂ ਲਗਾ ਕੇ ਦਿਨ ਕੱਟ ਰਹੇ ਹਨ | ਇਸ ਸਬੰਧ ਵਿਚ ਜਦੋਂ 'ਅਜੀਤ' ਦੀ ਟੀਮ ਵੱਲੋਂ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਧੁੱਸੀ ਬੰਨ੍ਹ ਦੇ ਇਕ ਸਪਰ 'ਚ 70 ਫੁੱਟ ਦਾ ਪਾੜ ਪੈਣ 'ਤੇ ਲੋਕ ਨਿੱਜੀ ਟਰੈਕਟਰਾਂ ਦੀ ਮਦਦ ਨਾਲ ਮਿੱਟੀ ਪਾ ਕੇ ਕਮਜ਼ੋਰ ਥਾਵਾਂ ਨੂੰ ਬੰਨ੍ਹ ਮਾਰ ਰਹੇ ਸਨ ਪਰ ਅਜਿਹੀ ਸਥਿਤੀ ਦੇ ਬਾਵਜੂਦ ਡਰੇਨਜ਼ ਵਿਭਾਗ ਦੇ ਉੱਚ ਅਧਿਕਾਰੀ ਧੁੱਸੀ ਬੰਨ੍ਹ 'ਤੇ ਬਣੇ ਆਰਾਮ ਘਰ ਵਿਚ ਬੈਠ ਰਹੇ | ਇਸ ਇਲਾਕੇ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਜਾਣ ਕਾਰਨ ਤੇ ਤੂੜੀ ਦੇ ਮੂਸਲ ਰੂੜਨ ਕਾਰਨ ਪਸ਼ੂਆਂ ਦੇ ਚਾਰੇ ਲਈ ਵੀ ਭਾਰੀ ਦਿੱਕਤ ਆ ਰਹੀ ਹੈ | ਇਸ ਤੋਂ ਇਲਾਵਾ ਛੀਨਾ ਫੀਡਰ ਅੰਦਰ ਪੈਂਦੇ ਘੱਟੋ-ਘੱਟ 30 ਫੀਡਰ ਵੀ ਰੁੜਣ ਕਾਰਨ ਪਾਵਰ ਸਪਲਾਈ ਠੱਪ ਹੋ ਗਈ ਹੈ | ਜਿਸ ਸਬੰਧੀ ਜੇ.ਈ. ਜਸਪਾਲ ਨੇ ਦੱਸਿਆ ਕਿ ਜਗਤਪੁਰ ਕਲਾਂ ਦੀ ਸਿੰਗਲ ਫੇਸ ਸਪਲਾਈ ਟਰਾਂਸਫਾਰਮਰ ਡੁੱਬਣ ਕਾਰਨ ਬੰਦ ਕਰ ਦਿੱਤੀ ਹੈ | ਇਸ ਸਬੰਧ ਵਿਚ ਜ਼ਿਲ੍ਹਾ ਪੁਲਿਸ ਮੁਖੀ ਸੁਖਵੰਤ ਸਿੰਘ ਗਿੱਲ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਹਫ਼ਤਾ ਪਹਿਲਾਂ ਸੂਚਿਤ ਕਰਕੇ ਇਨ੍ਹਾਂ ਲੋਕਾਂ ਨੂੰ ਜੰਗੀ ਪੱਧਰ 'ਤੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਸੂਚਿਤ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਇਸ ਮੁਸੀਬਤ ਦੌਰਾਨ ਪੁਲਿਸ ਚੌਕਸੀ ਵਧਾ ਦਿੱਤੀ ਗਈ ਹੈ ਤੇ ਸਬੰਧਿਤ ਥਾਣਾ ਮੁਖੀ ਨੂੰ ਸਥਿਤੀ 'ਤੇ ਧਿਆਨ ਦੇਣ ਲਈ ਕਹਿ ਦਿੱਤਾ ਗਿਆ ਹੈ | ਇਸ ਮੌਕੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਖਾਲਸਾ, ਸਰਪੰਚ ਬਲਵਿੰਦਰ ਕੌਰ, ਤਰਸੇਮ ਮਹਾਜਨ, ਨਰਿੰਦਰ ਕੁਮਾਰ, ਵੀਨਾ ਕੁਮਾਰੀ, ਸੁਲੱਖਣ ਸਿੰਘ, ਪ੍ਰੀਤਮ ਸਿੰਘ, ਬਲਵਿੰਦਰ ਸਿੰਘ, ਜਥੇ. ਚਾਨਣ ਸਿੰਘ, ਅਜੀਤ ਸਿੰਘ, ਰਮੇਸ਼ ਕੁਮਾਰ, ਸਤਪਾਲ ਅਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਸੇਖਵਾਂ ਨੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਕੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਢੁਕਵੇਂ ਪ੍ਰਬੰਧ ਨਾ ਹੋਣ 'ਤੇ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ |
No comments:
Post a Comment