www.sabblok.blogspot.com
ਨਵੀਂ ਦਿੱਲੀ : ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪਿਆਜ਼ ਦੀਆਂ ਕੀਮਤਾਂ 'ਚ ਲੱਗੀ ਅੱਗ ਨੇ ਸਰਕਾਰ ਦੇ ਹੋਸ਼ ਉਡਾ ਦਿੱਤੇ ਹਨ। ਹਾਲਤ ਇਹ ਹੈ ਕਿ ਇਸਦੀ ਕੀਮਤ ਘੱਟ ਹੋਣ ਦੀ ਕੋਈ ਤਰਕੀਬ ਸਰਕਾਰ ਦੀ ਸਮਝ 'ਚ ਨਹੀਂ ਆ ਰਹੀ। ਚੋਣਾਂ ਤੋਂ ਪਹਿਲਾਂ ਪਿਆਜ਼ ਦੀਆਂ ਵਧੀਆਂ ਕੀਮਤਾਂ ਦਾ ਖ਼ਮਿਆਜ਼ਾ ਪਹਿਲਾਂ ਵੀ ਸਰਕਾਰਾਂ ਨੂੰ ਭੁਗਤਣਾ ਪਿਆ ਹੈ। ਪਿਆਜ਼ ਦੀ ਲੁਆਈ 'ਚ ਕਮੀ ਅਤੇ ਕਿਤੇ ਬਾਰਿਸ਼ ਤਾਂ ਕਿਤੇ ਸੋਕੇ ਦੇ ਕਾਰਨ ਘੱਟ ਤੋਂ ਘੱਟ ਅਗਲੇ ਦੋ ਮਹੀਨਿਆਂ ਤਕ ਇਸਦੀ ਕੀਮਤ 'ਚ ਕਮੀ ਆਉਣ ਦੀ ਸੰਭਾਵਨਾ ਨਹੀਂ ਦਿਖ ਰਹੀ। ਰਾਜਧਾਨੀ ਦਿੱਲੀ 'ਚ ਪਿਆਜ਼ ਦੀ ਪਰਚੂਨ ਕੀਮਤ 70 ਤੋਂ 80 ਰੁਪਏ ਪ੍ਰਤੀ ਕਿੱਲੋ ਤਕ ਪਹੁੰਚ ਗਈ। ਪਿਆਜ਼ ਦੀ ਮਹਿੰਗਾਈ ਦੇ ਕਾਰਨ ਹੀ ਸਾਲ 1998 'ਚ ਭਾਜਪਾ ਨੂੰ ਦਿੱਲੀ 'ਚ ਸੱਤਾ ਗੁਆਉਣੀ ਪਈ ਸੀ। ਪਿਆਜ਼ ਫਿਰ ਉਸੇ ਰਾਹ 'ਤੇ ਹੈ, ਜਦੋਂ ਦਿੱਲੀ ਸਮੇਤ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਨਾਲ ਸਿਆਸੀ ਪਾਰਟੀਆਂ ਦੇ ਮੱਥੇ 'ਤੇ ਤਰੇੜਾਂ ਮੋਟੀਆਂ ਹੋਣ ਲੱਗੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਨਾਸਿਕ 'ਚ ਮੰਗਲਵਾਰ ਨੂੰ ਪਿਆਜ਼ ਦੀ ਥੋਕ ਕੀਮਤ 50 ਰੁਪਏ ਅਤੇ ਲਾਸਲਗਾਓਂ 'ਚ 45 ਰੁਪਏ ਪ੍ਰਤੀ ਕਿੱਲੋ ਰਹੀ। ਨਾਸਿਕ ਸਥਿਤ ਰਾਸ਼ਟਰੀ ਪਿਆਜ਼ ਰਿਸਰਚ ਵਿਕਾਸ ਫਾਉਂਡੇਸ਼ਨ ਦੇ ਮੁਖੀ ਸੀ ਬੀ ਹੋਲਕਰ ਨੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਆਉਣ ਵਾਲੇ ਦੋ ਮਹੀਨਿਆਂ ਤਕ ਕੀਮਤਾਂ ਦੇ ਘੱਟ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਨਾਲ ਗਾਹਕਾਂ ਦੀਆਂ ਤਕਲੀਫਾਂ ਵੱਧ ਸਕਦੀਆਂ ਹਨ। ਪਿਛਲੇ ਸਾਲ ਸੋਕੇ ਕਾਰਨ ਜਿੱਥੇ ਪਿਆਜ਼ ਦੀ ਪੈਦਾਵਾਰ ਘੱਟ ਹੋਈ ਸੀ, ਉੱਥੇ ਇਸ ਸਾਲ ਪਿਆਜ਼ ਦੀ ਲੁਆਈ ਦਾ ਰਕਬਾ ਵੀ ਘੱਟ ਰਿਹਾ ਹੈ। ਸਤੰਬਰ ਦੇ ਆਖਿਰ ਅਤੇ ਅਕਤੂਬਰ 'ਚ ਆਉਣ ਵਾਲੀ ਫਸਲ ਵੀ ਬਹੁਤ ਘੱਟ ਰਹਿਣ ਦਾ ਅੰਦਾਜ਼ਾ ਹੈ। ਆਂਧਰਾ ਪ੍ਰਦੇਸ਼ 'ਚ ਪਿਆਜ਼ ਦੀ ਨਵੀਂ ਫਸਲ ਆ ਗਈ ਹੈ। ਇੱਥੇ ਰੋਜ਼ਾਨਾ ਡੇਢ ਸੌ ਟਰੱਕ ਪਿਆਜ਼ ਨਿਕਲ ਰਿਹਾ ਹੈ। ਪਰ ਸਾਰੀ ਫਸਲ ਤਾਮਿਲਨਾਡੂ ਅਤੇ ਕੇਰਲ ਜਾ ਰਹੀ ਹੈ। ਕਰਨਾਟਕ 'ਚ ਪਿਆਜ਼ ਦੀ ਨਵੀਂ ਫਸਲ ਸਤੰਬਰ ਦੇ ਆਖ਼ੀਰ ਤਕ ਆਉਣੀ ਸ਼ੁਰੂ ਹੋਵੇਗੀ, ਪਰ ਉੱਥੇ ਫਸਲ ਚੰਗੀ ਨਹੀਂ ਹੈ। ਮੀਂਹ ਨਾਲ ਫਸਲ ਪ੍ਰਭਾਵਿਤ ਹੋਈ ਹੈ। ਨਾਸਿਕ 'ਚ ਪਿਆਜ਼ ਦੀਆਂ ਕੀਮਤਾਂ ਅਕਤੂਬਰ ਦੇ ਪਹਿਲੇ ਹਫ਼ਤੇ ਤਕ ਆਮ ਹੋ ਸਕਦੀ ਹੈ। ਉਸ ਸਮੇਂ ਤਕ ਉੱਥੇ ਪੂਣੇ ਦੀ ਫਸਲ ਦੀ ਆਮਦ ਸ਼ੁਰੂ ਹੋ ਜਾਵੇਗੀ। ਇੱਥੋਂ ਦੀ ਮੰਡੀ 'ਚ ਪਿਆਜ਼ ਦਾ ਸਟਾਕ ਜਿੱਥੇ ਸੱਤ ਲੱਖ ਟਨ ਹੋਣਾ ਚਾਹੀਦਾ ਸੀ, ਉਹ ਘੱਟ ਕੇ ਇਕ ਲੱਖ ਟਨ ਤਕ ਸਿਮਟ ਗਿਆ ਹੈ। ਕੇਂਦਰੀ ਬਾਗ਼ਬਾਨੀ ਕਮਿਸ਼ਨਰ ਡਾਕਟਰ ਗੋਰਖ ਸਿੰਘ ਨੂੰ ਪਿਆਜ਼ ਦੀਆਂ ਕੀਮਤਾਂ 'ਚ ਆਈ ਤੇਜ਼ੀ ਦਾ ਕੋਈ ਤੁਕ ਨਜ਼ਰ ਨਹੀਂ ਆਉਂਦਾ। ਉਨ੍ਹਾਂ ਦੇ ਹਿਸਾਬ ਨਾਲ ਪੈਦਾਵਾਰ 'ਚ ਕੋਈ ਕਮੀ ਨਹੀਂ ਹੈ। ਸਾਉਣੀ ਦੀ ਬੁਆਈ ਨੂੰ ਵੀ ਉਨ੍ਹਾਂ ਨੇ ਸੰਤੋਸ਼ਜਨਕ ਕਰਾਰ ਦਿੱਤਾ ਹੈ। ਉੱਥੇ ਪਿਆਜ਼ ਕਾਰੋਬਾਰ ਨਾਲ ਜੁੜੇ ਵਪਾਰੀਆਂ ਮੁਤਾਬਕ ਸਰਕਾਰ ਬਿਨਾ ਕਿਸੇ ਅੰਦਾਜ਼ੇ ਦੇ ਬਰਾਮਦ ਦੇ ਫ਼ੈਸਲੇ ਲੈਂਦੀ ਰਹਿੰਦੀ ਹੈ। ਇਹ ਉਸੇ ਦਾ ਨਤੀਜਾ ਹੈ। ਪਿਆਜ਼ ਦੀ ਖੇਤੀ ਦੇ ਰਕਬੇ ਅਤੇ ਪੈਦਾਵਾਰ ਦੇ ਅੰਕੜਿਆਂ 'ਤੇ ਉਨ੍ਹਾਂ ਨੂੰ ਯਕੀਨ ਨਹੀਂ ਹੈ।
ਟਾਇਰਾਂ ਦੇ ਨਾਲ ਪਿਆਜ਼ ਮੁਫ਼ਤ
ਜਮਸ਼ੇਦਪੁਰ : ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਇਥੋਂ ਦੇ ਇਕ ਟਾਇਰ ਵਿਕਰੇਤਾ ਨੇ ਵਿਰੋਧ ਦਾ ਨਵਾਂ ਤਰੀਕਾ ਲੱਭਿਆ। ਉਸ ਨੇ ਟਰੱਕ ਦੇ ਟਾਇਰ ਖ਼ਰੀਦਣ ਵਾਲੇ ਨੂੰ ਪੰਜ ਕਿੱਲੋ ਪਿਆਜ਼ ਤੇ ਕਾਰ ਦੇ ਦੋ ਟਾਇਰ ਖ਼ਰੀਦਣ ਵਾਲੇ ਨੂੰ ਦੋ ਕਿੱਲੋ ਪਿਆਜ਼ ਮੁਫ਼ਤ ਦੇਣ ਦਾ ਐਲਾਨ ਕੀਤਾ। ਦੁਕਾਨ ਮਾਲਕ ਸਤਨਾਮ ਸਿੰਘ ਗੰਭੀਰ ਮੁਤਾਬਕ ਇਹ ਪੇਸ਼ਕਸ਼ ਸੁਤੰਤਰਤਾ ਦਿਵਸ ਤੱਕ ਜਾਰੀ ਰਹੇਗੀ ਤੇ ਜੇਕਰ ਕੀਮਤਾਂ ਨਾ ਘਟੀਆਂ ਤਾਂ ਅੱਗੇ ਵੀ ਜਾਰੀ ਰਹੇਗੀ।
ਪਿਆਜ਼ 'ਤੇ 'ਡਿੱਗੇ' ਪਾਕਿ ਦੇ 'ਹੰਝੂ'
ਅੰਮਿ੍ਰਤਸਰ : ਆਮ ਤੌਰ 'ਤੇ ਲੋੜ ਪੈਣ 'ਤੇ ਅਸੀਂ ਸਾਰੇ ਗੁਆਂਢੀਆਂ ਕੋਲੋਂ ਆਲੂ, ਪਿਆਜ਼, ਟਮਾਟਰ, ਹਰੀ ਮਿਰਚ, ਧਨੀਆ, ਲਸਣ, ਖੰਡ, ਚਾਹ ਪੱਤੀ ਆਦਿ ਮੰਗ ਹੀ ਲੈਂਦੇ ਹਾਂ, ਛੋਟੇ ਵੱਡੇ ਭਰਾ ਦੇ ਰਿਸ਼ਤੇ ਜਾਂ ਗੁਆਂਢੀ ਧਰਮ ਨਿਭਾਉਂਦਿਆਂ ਅਸੀਂ ਅਕਸਰ ਲੈਣ ਦੇਣ ਕਰਦੇ ਹਾਂ। ਬਿਲਕੁਲ ਇਹੀ ਚੀਜ਼ਾਂ ਸਾਡੇ ਕੋਲੋਂ ਬਟਵਾਰੇ ਤੋਂ ਬਾਅਦ ਪਾਕਿਸਤਾਨ ਮੰਗਦਾ ਰਿਹਾ, ਅਸੀਂ ਉਸ ਨੂੰ ਦਿੰਦੇ ਰਹੇ। ਹੁਣ ਸਾਨੂੰ ਥੋੜ੍ਹੇ ਜਿਹੇ ਪਿਆਜ਼ ਦੀ ਲੋੜ ਪਈ ਤਾਂ ਪਾਕਿਸਤਾਨ ਪਿਆਜ਼ 'ਤੇ ਝੂਠੇ 'ਅੱਥਰੂ' ਵਹਾਉਣ ਲੱਗਾ ਹੈ। ਨਾ ਉਸ ਨੂੰ ਖ਼ੁਦ 'ਛੋਟੇ ਭਰਾ' ਹੋਣ ਦਾ ਰਿਸ਼ਤਾ ਯਾਦ ਰਿਹਾ ਤੇ ਨਾ ਹੀ ਗੁਆਂਢੀ ਨਾਲ ਨਿਭਾਏ ਜਾਣ ਵਾਲੇ ਧਰਮ ਦੀ ਸ਼ਰਮ। ਸ਼ਰਮ ਦੀ ਵੀ ਹੱਦ ਹੁੰਦੀ ਹੈ। ਅੱਧੀ ਸਦੀ ਤੱਕ ਸਾਡੇ ਹੀ ਪਿਆਜ਼ ਨਾਲ 'ਚਿਕਨ ਬਿਰਿਆਨੀ' ਤੇ ਚਿਕਨ ਪੁਲਾਅ' ਬਣਾਉਂਦੇ ਰਹੇ ਤੇ ਹੁਣ ਜਦੋਂ ਸਾਨੂੰ ਲੋੜ ਪਈ ਤਾਂ 'ਰੋਜ਼ੇ' ਰੱਖ ਲਏ। ਭਾਰਤੀ ਬਾਜ਼ਾਰਾਂ 'ਚ ਪਿਆਜ਼ ਦੀ ਕਮੀ ਕਾਰਨ ਵਧੀਆਂ ਕੀਮਤਾਂ ਦੇ ਕਦਮ ਮਹਿੰਗਾਈ ਦੀ 'ਸਰਹੱਦ' ਪਾਰ ਨਾ ਕਰਨ ਇਸ ਦੇ ਲਈ ਭਾਰਤੀ ਵਪਾਰੀਆਂ ਨੇ ਸਰਹੱਦ ਪਾਰੋਂ ਪਾਕਿਸਤਾਨ ਤੋਂ ਪਿਆਜ਼ ਦੀ ਮੰਗ ਰੱਖੀ ਸੀ। ਪਰ ਪਾਕਿਸਤਾਨ ਦੇ ਵਪਾਰੀ ਹਾਲੇ ਪਿਆਜ਼ ਦੇਣ 'ਚ ਟਾਲਾ ਵੱਟ ਰਹੇ ਹਨ, ਪਿਆਜ਼ ਦੇ ਕੰਟਰੈਕਟ ਸਾਈਨ ਨਹੀਂ ਕਰ ਰਹੇ ਹਨ। ਪਾਕਿਸਤਾਨ ਜੇਕਰ ਸਾਨੂੰ ਪਿਆਜ਼ ਦਿੰਦਾ ਹੈ। ਇਹ ਪਿਆਜ਼ ਅਟਾਰੀ ਬਾਰਡਰ ਰਾਹੀਂ ਘੱਟ ਭਾੜੇ 'ਚ ਪੰਜਾਬ ਪਹੁੰਚਣ ਤੋਂ ਬਾਅਦ ਦੂਜੇ ਸੂਬਿਆਂ 'ਚ ਭੇਜਿਆ ਜਾ ਸਕਦਾ ਹੈ। ਘੱਟੋ ਘੱਟ ਉੱਤਰ ਭਾਰਤ 'ਚ ਪਾਕਿਸਤਾਨ ਤੋਂ ਪਿਆਜ਼ ਆਉਣ ਤੋਂ ਬਾਅਦ ਮੰਡੀਆਂ 'ਚ ਪਿਆਜ਼ ਦੀਆਂ ਕੀਮਤਾਂ 10 ਤੋਂ 15 ਰੁਪਏ ਕਮੀ ਆ ਸਕਦੀ ਹੈ। ਇਸ ਸਮੇਂ ਬਾਜ਼ਾਰ 'ਚ ਪਿਆਜ਼ ਦੀ ਕੀਮਤ 50 ਤੋਂ 60 ਰੁਪਏ ਪ੍ਰਤੀ ਕਿੱਲੋ ਚਲ ਰਹੀ ਹੈ। ਦਿ ਅੰਮਿ੍ਰਤਸਰ ਚੈਂਬਰ ਆਫ ਕਾਮਰਸ ਦੇ ਜਨਰਲ ਸਕੱਤਰ ਰਾਜੇਸ਼ ਸੇਤੀਆ ਕਹਿੰਦੇ ਹਨ ਕਿ ਭਾਰਤ ਤੋਂ ਕਈ ਸਾਲਾਂ ਤੱਕ ਪਿਆਜ਼ ਪਾਕਿਸਤਾਨ ਜਾਂਦਾ ਰਿਹਾ ਹੈ। ਪਾਕਿਸਤਾਨ ਨੇ 2011 'ਚ ਭਾਰਤ ਨੂੰ ਪਿਆਜ਼ ਭੇਜਣ 'ਤੇ ਪਾਬੰਦੀ ਲਗਾ ਦਿੱਤੀ ਸੀ, ਇਸ ਵਾਰ ਉਸੇ ਪਾਬੰਦੀ ਦਾ 'ਖੋਲ' ਪਾਕਿਸਤਾਨੀ ਵਪਾਰੀ ਪਹਿਨ ਰਹੇ ਹਨ। ਪਰ ਹਾਲੇ ਕੋਈ ਫ਼ੈਸਲਾ ਨਹੀਂ, ਪਾਕਿਸਤਾਨ ਹਾਲੇ ਤੱਕ ਪਿਆਜ਼ 'ਤੇ ਝੂਠੇ ਹੰਝੂ ਹੀ ਵਹਾ ਰਿਹਾ ਹੈ, ਜਦਕਿ ਉਸ ਨੇ ਭਾਰਤ ਨੂੰ ਪਿਆਜ਼ ਦੇਣ ਤੋਂ ਪੂਰੀ ਤਰ੍ਹਾਂ ਨਾਂਹ ਵੀ ਨਹੀਂ ਕੀਤੀ ਹੈ। ਪਾਕਿਸਤਾਨ ਦੇ ਨਾਲ ਵਪਾਰ ਕਰਨ ਵਾਲੇ ਮਾਨਵ ਤਨੇਜਾ ਕਹਿੰਦੇ ਹਨ ਕਿ ਪਾਕਿਸਤਾਨ ਤੋਂ ਪਿਆਜ਼ ਲੈਣ ਲਈ ਪਰਮਿਟ ਜਾਰੀ ਹੁੰਦੇ ਹਨ, ਪਰਮਿਟ ਦਿੱਤੇ ਜਾ ਰਹੇ ਹਨ। ਪਰਮਿਟ ਮਿਲਣ ਤੋਂ ਬਾਅਦ ਪਾਕਿਤਸਾਨ ਤੈਅ ਕਰੇਗਾ ਕਿ ਉਹ ਪਰਮਿਟ 'ਤੇ ਪਿਆਜ਼ ਦੇਵੇਗਾ ਜਾਂ ਨਹੀਂ, ਹਾਲੇ ਤਾਂ ਜ਼ੁਬਾਨੀ ਗੱਲਾਂ ਹੋ ਰਹੀਆਂ ਹਨ। ਉਮੀਦ ਤਾਂ ਇਹ ਹੈ ਕਿ ਪਾਕਿਸਤਾਨ ਪਿਆਜ਼ ਦੇਵੇਗਾ, ਕਿਉਂਕਿ ਉਹ ਕਿੰਨੇ ਸਾਲਾਂ ਤੋਂ ਪਿਆਜ਼ ਲੈਂਦਾ ਰਿਹਾ ਹੈ, ਆਲੂ, ਟਮਾਟਰ, ਧਨੀਆ, ਲਸਣ, ਖੰਡ, ਸੋਇਆਬੀਨ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਕਿ ਉਹ ਸਾਡੇ ਤੋਂ ਲੈਂਦਾ ਰਿਹਾ ਹੈ। 28 ਤੋਂ 30 ਚੀਜ਼ਾਂ ਦੇ ਬਦਲੇ ਪਾਕਿਸਤਾਨ ਹਮੇਸ਼ਾ 150 ਤੋਂ ਵੱਧ ਆਈਟਮ ਲੈ ਰਿਹਾ ਹੈ। ਅਜਿਹੇ 'ਚ ਪਾਕਿਸਤਾਨ ਜੇਕਰ ਪਿਆਜ਼ 'ਤੇ ਝੂਠੇ ਹੰਝੂ ਵਹਾ ਕੇ ਪਿਆਜ਼ ਦੇਣ 'ਚ ਟਾਲਾ ਵੱਟਦਾ ਰਿਹਾ, ਤਾਂ ਇਸ ਨਾਲ ਦੋਵਾਂ ਦੇਸ਼ਾਂ ਦੇ ਵਪਾਰ 'ਤੇ ਫਰਕ ਪਵੇਗਾ।
No comments:
Post a Comment