ਜਨਪਥ ਸਟੇਟ ਦੇ ਮਾਲਕ ਅਤੇ ਮਹਿਲਾ ਦੇ ਚਿੱਤਰ ਅਪਲੋਡ ਕਰਨ ਵਾਲੇ 'ਤੇ ਮਾਮਲਾ ਦਰਜ
ਕਾਰੋਬਾਰੀ ਨੇ ਕਿਹਾ-ਉਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼

ਲੁਧਿਆਣਾ,(ਕੁਲਵੰਤ)- ਪਹਿਲਾਂ ਫੇਸਬੁਕ ਅਤੇ ਹੁਣ ਸੋਸ਼ਲ ਨੈੱਟਵਰਕ ਦੇ ਵਟਸ-ਐਪ ਨੇ ਪਵਾੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਤਰ੍ਹਾਂ ਦੀ ਹੀ ਇਕ ਮਾਮਲਾ ਉਸ ਸਮੇਂ ਸਾਹਮਣੇ ਆਈ, ਜਦ ਪਿਛਲੇ ਕਾਫੀ ਦਿਨਾਂ ਤੋਂ ਵਟਸ-ਐਪ 'ਤੇ ਨਗਰ ਦੇ ਪ੍ਰਮੁੱਖ ਕਾਰੋਬਾਰੀ ਜਨਪਥ ਸਟੇਟ ਦੇ ਮਾਲਕ ਮਹੇਸ਼ ਗੋਇਲ ਅਤੇ ਇਕ ਮਹਿਲਾ ਦੇ ਚਿੱਤਰ ਸੈਂਕੜੇ ਲੋਕਾਂ ਨੂੰ ਵੰਡੇ ਗਏ। ਇਨ੍ਹਾਂ ਚਿੱਤਰਾਂ 'ਚ ਮਹਿਲਾ ਨੂੰ 35 ਕਰੋੜ ਦੀ ਰਕਮ ਮੰਗਦੇ ਹੋਏ ਵੀ ਦਿਖਾਇਆ ਗਿਆ ਪਰ ਇਨ੍ਹਾਂ ਚਰਚਾਵਾਂ ਨੂੰ ਉਸ ਸਮੇਂ ਵਿਰਾਮ ਲੱਗ ਗਿਆ ਜਦ ਪੁਲਸ ਨੇ ਵਟਸ-ਐਪ 'ਤੇ ਉਹ ਚਿੱਤਰ ਅਪਲੋਡ ਕਰਨ ਦੇ ਮਾਮਲੇ 'ਚ ਪਹਿਲਾਂ ਮਹਿਲਾ ਨੂੰ ਹੀ ਦੋਸ਼ੀ ਬਣਾ ਦਿੱਤਾ।
ਬਾਅਦ 'ਚ ਪੁਲਸ ਨੇ ਗਲਤੀ ਦਾ ਸੁਧਾਰ ਕਰਦਿਆਂ ਮਹਿਲਾ ਦੀ ਬਜਾਏ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕਰਨ ਦੀ ਗੱਲ ਕਹੀ।ਵਰਣਨਯੋਗ ਹੈ ਕਿ ਇਹ ਹਾਈ-ਪ੍ਰੋਫਾਈਲ ਮਾਮਲਾ ਹੋਣ ਦੇ ਕਾਰਨ ਲੋਕਾਂ 'ਚ ਵੀ ਇਸਦੀ ਚਰਚਾ ਹੈ। ਚਿੱਤਰਾਂ 'ਚ ਮਹਿਲਾ ਦੁਆਰਾ ਕਾਰੋਬਾਰੀ ਤੋਂ 35 ਕਰੋੜ ਦੀ ਰਾਸ਼ੀ ਮੰਗਣ ਦੀਆਂ ਗੱਲਾਂ ਵੀ ਛਾਈਆਂ ਰਹੀਆਂ, ਜਿਸਦੇ ਬਾਅਦ ਕਾਰੋਬਾਰੀ ਦੇ ਭਰਾ ਪਵਨ ਗੋਇਲ ਅਤੇ ਮਹਿਲਾ ਦੇ ਸਹੁਰੇ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ। ਉਸ ਸ਼ਿਕਾਇਤ 'ਤੇ ਪੁਲਸ ਨੇ ਅੱਜ ਇਹ ਮਾਮਲਾ ਇੱਜ਼ਤ ਹੱਤਕ ਅਤੇ ਆਈ. ਟੀ. ਐਕਟ ਦੇ ਤਹਿਤ ਦਰਜ ਕੀਤਾ ਹੈ। ਮਹੇਸ਼ ਗੋਇਲ ਦੇ ਭਰਾ ਪਵਨ ਗੋਇਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਹ ਇਕ ਇੱਜ਼ਤਦਾਰ ਫੈਮਿਲੀ ਨਾਲ ਸਬੰਧ ਰੱਖਦੇ ਹਨ। ਉਸਦੇ ਭਰਾ ਮਹੇਸ਼ ਦੀ ਉਮਰ 52 ਸਾਲ ਹੈ। ਬੀਤੇ ਦਿਨੀਂ ਉਨ੍ਹਾਂ ਦੇ ਇਕ ਦੋਸਤ ਪ੍ਰਦੀਪ ਅਗਰਵਾਲ ਦੇ ਮੋਬਾਈਲ 'ਤੇ ਉਸਦੇ ਭਰਾ ਮਹੇਸ਼ ਅਤੇ ਉਨ੍ਹਾਂ ਦੀ ਜਾਣ-ਪਛਾਣ ਵਾਲੀ ਮਹਿਲਾ ਦੇ ਚਿੱਤਰ ਵਟਸ-ਐਪ 'ਤੇ ਕਿਸੇ ਨੇ ਅਪਲੋਡ ਕਰ ਦਿੱਤੇ, ਜਿਸ 'ਚ ਮਹਿਲਾ ਨੂੰ 35 ਕਰੋੜ ਰੁਪਏ ਦੀ ਡਿਮਾਂਡ ਕਰਦਿਆਂ ਵੀ ਦਿਖਾਇਆ ਗਿਆ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ ਕਿ ਉਕਤ ਮਹਿਲਾ ਤਾਂ ਉਨ੍ਹਾਂ ਦੇ ਪਰਿਵਾਰ ਦੀ ਤਰ੍ਹਾਂ ਅਤੇ ਜਾਣ-ਪਛਾਣ ਵਾਲੀ ਹੈ।  ਇੰਨਾ ਹੀ ਨਹੀਂ ਉਸਦੇ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਚਿੱਤਰ ਸੈਂਕੜੇ ਲੋਕਾਂ ਦੇ ਮੋਬਾਈਲਾਂ 'ਤੇ ਉਸੇ ਨੈੱਟਵਰਕ ਤੋਂ ਪਾ ਕੇ ਉਨ੍ਹਾਂ ਦੇ ਪਰਿਵਾਰ ਦੀ ਬਦਨਾਮੀ ਕੀਤੀ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਤਰ੍ਹਾਂ ਦੇ ਦੋਸ਼ੀਆਂ ਖਿਲਾਫ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ, ਜੋ ਸਾਜ਼ਿਸ਼ ਤਹਿਤ ਉਨ੍ਹਾਂ ਦੇ ਪਰਿਵਾਰ ਨੂੰ ਅਤੇ ਮਹਿਲਾ ਦੇ ਪਰਿਵਾਰ ਨੂੰ ਬਦਨਾਮ ਕਰਨ ਲੱਗੇ ਹੋਏ ਹਨ।ਇਸੇ ਤਰ੍ਹਾਂ ਸਰਾਭਾ ਨਗਰ ਦੀ ਰਹਿਣ ਵਾਲੀ ਮਹਿਲਾ ਦੇ ਸਹੁਰੇ ਨੇ ਵੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਉਨ੍ਹਾਂ ਦੀ ਨੂੰਹ ਨੂੰ ਬਦਨਾਮ ਕਰਨ ਲਈ ਚਿੱਤਰ ਅਪਲੋਡ ਕਰਕੇ ਉਸ 'ਤੇ ਇਤਰਾਜ਼ਯੋਗ ਸ਼ਬਦਾਵਲੀ ਲਿਖੀ ਗਈ ਹੈ। ਉਨ੍ਹਾਂ ਦਾ ਸਾਰਾ ਪਰਿਵਾਰ ਮਹੇਸ਼ ਗੋਇਲ ਨੂੰ ਚੰਗੀ ਤਰ੍ਹਾਂ ਨਾਲ ਜਾਣਦਾ ਹੈ। ਉਸ ਨੂੰ ਚਿੱਤਰਾਂ ਬਾਰੇ ਤਦ ਪਤਾ ਲੱਗਿਆ, ਜਦ ਉਸਦੇ ਵੱਡੇ ਬੇਟੇ ਦੇ ਮੋਬਾਈਲ 'ਤੇ ਇਹ ਚਿੱਤਰ ਭੇਜੇ, ਜਿਸ 'ਤੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ।
ਮਚਿਆ ਰਿਹਾ ਹੜਕੰਪ
ਸਵੇਰੇ ਜਦ ਹਾਈ ਕਲਾਸ ਲੋਕਾਂ ਤੇ ਪੁਲਸ ਨੂੰ ਪਤਾ ਲੱਗਿਆ ਕਿ ਮਹੇਸ਼ ਗੋਇਲ ਦੇ ਮਾਮਲੇ 'ਚ ਉਸ ਮਹਿਲਾ 'ਤੇ ਪੁਲਸ ਨੇ ਮਾਮਲਾ ਦਰਜ ਕਰ ਦਿਤਾ ਹੈ ਤਾਂ ਚਰਚਾਵਾਂ ਦਾ ਬਾਜ਼ਾਰ ਫਿਰ ਤੋਂ ਗਰਮ ਹੋ ਗਿਆ। ਇਸ ਗੱਲ ਦਾ ਪਤਾ ਜਦ ਦੋਵੇਂ ਪਰਿਵਾਰਾਂ ਨੂੰ ਲੱਗਿਆ ਤਾਂ ਇਕ ਵਾਰ ਤਾਂ ਦੋਵੇਂ ਪਰਿਵਾਰ ਇਕ-ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗੇ। ਇੰਨਾ ਹੀ ਨਹੀਂ ਪੁਲਸ ਕਮਿਸ਼ਨਰ ਦੇ ਹਵਾਲੇ ਤੋਂ ਆਉਣ ਵਾਲੀ ਕ੍ਰਾਈਮ ਰਿਪੋਰਟ 'ਚ ਵੀ ਥਾਣਾ ਫੋਕਲ ਪੁਆਇੰਟ ਪੁਲਸ ਨੇ ਮਹਿਲਾ ਨੂੰ ਦੋਸ਼ੀ ਦੱਸਿਆ, ਜਿਸਦੇ ਬਾਅਦ ਹਾਈ ਸੁਸਾਇਟੀ ਦੇ ਲੋਕਾਂ ਨੇ ਜਦ ਪੁਲਸ ਦੀਆਂ ਤਾਰਾਂ ਹਿਲਾਈਆਂ ਤਾਂ ਪੁਲਸ ਨੇ ਤੁਰੰਤ ਗਲਤੀ ਦਾ ਅਹਿਸਾਸ ਕਰਕੇ ਮਹਿਲਾ ਨੂੰ ਕਲੀਨ ਚਿੱਟ ਦਿੰਦੇ ਹੋਏ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤੇ ਜਾਣ ਦਾ ਪ੍ਰੈੱਸ ਨੋਟ ਜਾਰੀ ਕਰ ਦਿੱਤਾ।
ਅੰਗਰੇਜ਼ੀ 'ਚ ਪੁਲਸ ਦਾ ਹੱਥ ਤੰਗ
ਇਸ ਸਬੰਧੀ ਜਦ ਥਾਣਾ ਇੰਚਾਰਜ ਗੁਰਤੇਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੋਵੇਂ ਧਿਰਾਂ ਦੀ ਸ਼ਿਕਾਇਤ ਅੰਗਰੇਜ਼ੀ 'ਚ ਸੀ, ਜਿਸ ਕਾਰਨ ਮੁਨਸ਼ੀ ਨੂੰ ਸਮਝ ਨਹੀਂ ਆਈ, ਉਸਨੇ ਸ਼ਿਕਾਇਤ ਦਾ ਉਹ ਹਿੱਸਾ ਹੀ ਪੜ੍ਹਿਆ, ਜਿਸ 'ਚ ਮਹਿਲਾ ਵਲੋਂ ਚਿੱਤਰ 'ਚ 35 ਕਰੋੜ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਮੰਨਿਆ ਕਿ ਪੁਲਸ ਦਾ ਹੱਥ ਅੰਗਰੇਜ਼ੀ 'ਚ ਤੰਗ ਸੀ, ਜਿਸ ਕਾਰਨ ਇਸ ਤਰ੍ਹਾਂ ਹੋਇਆ, ਜਦਕਿ ਪੁਲਸ ਨੇ ਪ੍ਰੈੱਸ ਨੋਟ ਰਾਹੀਂ ਆਪਣੀ ਗਲਤੀ ਸੁਧਾਰੀ ਹੈ।
ਪਹਿਲਾਂ ਵੀ ਗਲਤੀਆਂ ਕਰ ਚੁੱਕੀ ਹੈ ਪੁਲਸ
ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਪੁਲਸ ਗਲਤੀਆਂ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਥਾਣਾ ਡਵੀਜ਼ਨ 5 'ਚ ਦਰਜ ਧੋਖਾਧੜੀ ਦੇ ਮਾਮਲੇ 'ਚ ਵੀ ਪੁਲਸ ਵਲੋਂ ਭੇਜੀ ਗਈ ਕ੍ਰਾਈਮ ਰਿਪੋਰਟ 'ਚ ਕਹਾਣੀ ਹੋਰ ਸੀ, ਜਦਕਿ ਦਰਜ ਐੱਫ. ਆਈ. ਆਰ 'ਚ ਕਹਾਣੀ ਕੁਝ ਹੋਰ ਨਿਕਲੀ ਸੀ। ਇੰਨਾ ਹੀ ਨਹੀਂ ਇਕ ਵਾਰ ਤਾਂ ਪੁਲਸ ਨੇ ਹਾਰਡਕੋਰ ਅਪਰਾਧੀ ਰਾਜੀਵ ਰਾਜਾ ਦੀ ਮਸ਼ੂਕਾ ਦੀ ਫੋਟੋ ਹੀ ਗਲਤ ਜਾਰੀ ਕਰਕੇ ਇਸ ਲੜਕੀ ਨੂੰ ਇਸ ਕਦਰ ਰੁਸਵਾ ਕੀਤਾ ਸੀ ਕਿ ਉਸ ਸਮੇਂ ਦੇ ਐੱਸ. ਐੱਸ. ਪੀ. ਨੂੰ ਖੁਦ ਲੜਕੀ ਦੇ ਘਰ ਜਾ ਕੇ ਮਾਫੀ ਤੱਕ ਮੰਗਣੀ ਪਈ ਸੀ ਪਰ ਉਸ ਤੋਂ ਬਾਅਦ ਵੀ ਪੁਲਸ ਨੇ ਕੋਈ ਸਬਕ ਨਹੀਂ ਲਿਆ ਅਤੇ ਪੁਲਸ ਦੀਆਂ ਗਲਤੀਆਂ ਦਾ ਦੌਰ ਜਾਰੀ ਹੈ। ਲੋਕਾਂ 'ਚ ਚਰਚਾ ਸੀ ਕਿ ਜੇਕਰ ਪੁਲਸ ਦੀ ਕ੍ਰਾਈਮ ਰਿਪੋਰਟ ਨੂੰ ਮੀਡੀਆ ਇਸੇ ਤਰ੍ਹਾਂ ਪ੍ਰਕਾਸ਼ਿਤ ਕਰ ਦਿੰਦਾ ਤਾਂ ਦੋ ਵੱਡੇ ਪਰਿਵਾਰਾਂ ਦੀ ਸਮਾਜ 'ਚ ਖਿੱਲੀ ਉਡ ਸਕਦੀ ਸੀ ਅਤੇ ਮਹਿਲਾ ਨੂੰ ਵੀ ਸਮਾਜ 'ਚ ਆਪਣਾ ਮੂੰਹ ਛੁਪਾਉਣਾ ਮੁਸ਼ਕਿਲ ਹੋ ਜਾਂਦਾ।