ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ 1993 ਦੇ ਦਿੱਲੀ ਵਿਸਫੋਟ ਮਾਮਲੇ 'ਚ ਮੌਤ ਦੀ ਸਜ਼ਾ ਹਾਸਲ ਦਵਿੰਦਰਪਾਲ ਭੁੱਲਰ ਦੀ ਪਤਨੀ ਵਲੋਂ ਦਾਇਰ ਮੁੜ ਵਿਚਾਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ।
ਖਾਲਿਸਤਾਨੀ ਅੱਤਵਾਦੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਹੇਠਲੀ ਅਦਾਲਤ ਨੇ ਸਾਲ 2001 'ਚ ਮੌਤ ਦੀ ਸਜ਼ਾ ਸੁਣਾਈ ਸੀ। ਭੁੱਲਰ 'ਤੇ 1991 'ਚ ਪੰਜਾਬ ਦੇ ਐਸ. ਐਸ. ਪੀ. ਸੁਮੇਧ ਸੈਣੀ 'ਤੇ ਹਮਲੇ ਦੀ ਸਾਜ਼ਿਸ਼ ਰਚਣ ਅਤੇ 1993 'ਚ ਯੂਥ ਕਾਂਗਰਸ ਦੇ ਨੇਤਾ ਐਮ. ਐਸ. ਬਿੱਟਾ 'ਤੇ ਹਮਲਾ ਕਰਨ ਦਾ ਦੋਸ਼ ਹੈ। ਇਸ ਹਮਲੇ 'ਚ 9 ਲੋਕਾਂ ਦੀ ਮੌਤ ਹੋ ਗਈ ਸੀ।
ਜ਼ਿਕਰਯੋਗ ਹੈ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਭੁੱਲਰ ਦੀ ਰਹਿਮ ਪਟੀਸ਼ਨ ਨੂੰ ਪਹਿਲਾਂ ਹੀ ਖਾਰਜ ਕਰ ਦਿੱਤਾ ਹੈ। ਪ੍ਰੈੱਸ ਕੌਂਸਲ ਆਫ ਇੰਡੀਆ ਦੇ ਚੇਅਰਪਰਸਨ ਜਸਟਿਸ ਮਾਰਕੰਡੇ ਕਾਟਜੂ ਨੇ ਭੁਲੱਰ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਲਈ ਰਾਸ਼ਟਰਪਤੀ ਨੂੰ ਇਕ ਪੱਤਰ ਲਿਖਿਆ ਸੀ। ਕਾਟਜੂ ਨੇ ਆਪਣੇ ਪੱਤਰ 'ਚ ਭੁੱਲਰ ਦੀ ਬੀਮਾਰ ਮਾਨਸਿਕ ਸਥਿਤੀ ਦਾ ਹਵਾਲਾ ਦਿੰਦੇ ਹੋਏ ਫਾਂਸੀ ਦੀ ਸਜ਼ਾ ਮੁਆਫ ਕਰਨ ਦੀ ਅਪੀਲ ਕੀਤੀ ਸੀ।