ਬਾਦਲ ਦੇ ਦਾਅਵੇ ਮਗਰੋਂ ਬੋਲੇ ਰਾਜਾ ਮਾਲਵਿੰਦਰ
ਮੁੱਖ ਮੰਤਰੀ ਦੇ ਸਮਾਗਮ 'ਚ ਇਕ ਵਾਰ ਫਿਰ ਨਾ ਸੱਦੇ ਜਾਣ 'ਤੇ ਰਾਜਾ ਮਾਲਵਿੰਦਰ ਸਿੰਘ ਨੇ ਨਾਰਾਜ਼ਗੀ ਪ੍ਰਗਟਾਈ
ਪਟਿਆਲਾ, (ਪਰਮੀਤ)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪਟਿਆਲਾ ਲੋਕ ਸਭਾ ਸੀਟ ਤੋਂ ਜਿੱਤ ਯਕੀਨੀ ਹੋਣ ਦਾ ਦਾਅਵਾ ਕੀਤੇ ਜਾਣ ਦੇ ਚੰਦ ਘੰਟੇ ਮਗਰੋਂ ਵਿਧਾਨ ਸਭਾ ਚੋਣਾਂ ਵੇਲੇ ਅਕਾਲੀ ਦਲ ਵਿਚ ਸ਼ਾਮਲ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਰਾਜਾ ਮਾਲਵਿੰਦਰ ਸਿੰਘ ਨੇ ਇਸ ਸੀਟ 'ਤੇ ਆਪਣਾ ਦਾਅਵਾ ਫਿਰ ਪੇਸ਼ ਕਰਦਿਆਂ ਆਖਿਆ ਹੈ ਕਿ ਇਸ ਵਾਰ ਐੱਮ. ਪੀ. ਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾਉਣ ਦੀ ਸਮਰਥਾ ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਵਿਚ ਨਹੀਂ ਹੈ।
ਰਾਜਾ ਮਾਲਵਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਸਿਆਸੀ ਸੂਝ-ਬੂਝ ਮੁਤਾਬਕ ਪ੍ਰਨੀਤ ਕੌਰ ਨੂੰ ਹਰਾਉਣ ਲਈ ਅਕਾਲੀ ਦਲ ਕੋਲ ਉਨ੍ਹਾਂ ਤੋਂ ਇਲਾਵਾ ਹੋਰ ਕੋਈ ਮਜ਼ਬੂਤ ਉਮੀਦਵਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਉਮੀਦਵਾਰੀ ਨੂੰ ਲੈ ਕੇ ਦਸੰਬਰ ਮਹੀਨੇ ਵਿਚ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਗੱਲ ਕੀਤੀ ਸੀ ਤੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਮੈਨੂੰ ਉਮੀਦਵਾਰ ਬਣਾਉਣ ਹੈ ਤਾਂ ਫਿਰ ਮੈਨੂੰ 15 ਜਨਵਰੀ 2013 ਤਕ ਇਸ ਬਾਰੇ ਸਪੱਸ਼ਟ ਤੌਰ 'ਤੇ ਦੱਸਿਆ ਜਾਵੇ ਤਾਂ ਕਿ ਮੈਂ ਤਿਆਰੀ ਵਿੱਢ ਸਕਾਂ ਪਰ ਨਾ ਤਾਂ ਸ਼੍ਰੀ ਮਜੀਠੀਆ ਤੇ ਨਾ ਹੀ ਦੋਵਾਂ ਬਾਦਲਾਂ ਵਿਚੋਂ ਕਿਸੇ ਨੇ ਹੁਣ ਤਕ ਕੋਈ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸਦੇ ਬਾਵਜੂਦ ਉਹ ਹੁਣ ਵੀ ਚੋਣ ਲੜਨ ਲਈ ਤਿਆਰ ਹਨ ਪਰ ਟਿਕਟ ਪ੍ਰਾਪਤ ਕਰਨ ਲਈ ਬਾਦਲ ਕੋਲ ਜਾਣ ਦੀ ਥਾਂ ਉਹ ਘਰ ਬੈਠੇ ਹੀ ਬਾਦਲਾਂ ਤੋਂ ਆਸ ਕਰਦੇ ਹਨ ਕਿ ਉਨ੍ਹਾਂ ਮੇਰੇ ਨਾਲ ਜੋ ਵਾਅਦਾ ਕੀਤਾ ਸੀ, ਪੂਰਾ ਕਰਨਗੇ ਕਿਉਂਕਿ ਖੁਦ ਸ. ਬਾਦਲ ਨੇ ਮੈਨੂੰ ਆਖਿਆ ਸੀ ਕਿ ਰਾਜਨੀਤੀ 'ਚ ਸਰਗਰਮੀ ਨਾਲ ਵਿਚਰਨ ਦੀ ਥਾਂ ਮੈਂ ਕੇਵਲ ਸਮਾਜਿਕ ਗਤੀਵਿਧੀਆਂ ਤਕ ਸੀਮਤ ਰਹਾਂ। ਉਨ੍ਹਾਂ ਕਿਹਾ ਕਿ ਜੋ ਬਾਦਲ ਨੇ ਮੈਨੂੰ ਕਿਹਾ ਸੀ, ਮੈਂ ਉਹੋ ਹੀ ਕੀਤਾ ਤੇ ਆਸ ਕਰਦਾ ਹਾਂ ਕਿ ਬਾਦਲ ਵੀ ਹੁਣ ਆਪਣੀ ਗੱਲ 'ਤੇ ਖਰ੍ਹੇ ਉਤਰਨਗੇ।
 ਜਦੋਂ ਪੁੱਛਿਆ ਗਿਆ ਕਿ ਜੇਕਰ ਅਕਾਲੀ ਦਲ ਨੇ ਟਿਕਟ ਨਾ ਦਿੱਤੀ ਤਾਂ ਕੀ ਉਹ ਪ੍ਰਨੀਤ ਕੌਰ ਦੀ ਮਦਦ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ ਪ੍ਰਨੀਤ ਕੌਰ ਦੀ ਮੈਂ ਮਦਦ ਕਦੇ ਨਹੀਂ ਕਰਾਂਗਾ। ਜੋ ਉਨ੍ਹਾਂ ਨੇ ਮੇਰੇ ਨਾਲ ਕੀਤਾ ਉਹ ਮੈਂ ਕਦੇ ਨਹੀਂ ਭੁਲਾ ਸਕਦਾ। ਰਾਜਾ ਮਾਲਵਿੰਦਰ ਸਿੰਘ ਨੇ ਇਹ ਵੀ ਆਖਿਆ ਕਿ ਬਾਦਲ ਭਾਵੇਂ ਚਾਹੁੰਦੇ ਹੋਣ ਕਿ ਮੈਂ ਅਕਾਲੀ ਦਲ ਛੱਡ ਕੇ ਭੱਜ ਜਾਵਾਂ ਪਰ ਮੈਂ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹਾ ਹਾਂ। ਮੇਰਾ ਕਾਂਗਰਸ ਵਿਚ ਵਾਪਸ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਧਰ ਅੱਜ ਹੋਏ ਜ਼ਿਲਾ ਪੱਧਰੀ ਸਮਾਰੋਹ ਵਿਚ ਮੁੱਖ ਮੰਤਰੀ ਦੀ ਆਮਦ 'ਤੇ ਰਾਜਾ ਮਾਲਵਿੰਦਰ ਸਿੰਘ ਨੂੰ ਇਕ ਵਾਰ ਫਿਰ ਨਾ ਸੱਦਿਆ ਗਿਆ। ਸਰਕਾਰ ਬਣਨ ਮਗਰੋਂ ਹੁਣ ਤਕ ਉਨ੍ਹਾਂ ਨੂੰ ਅਣਗੌਲਿਆ ਹੀ ਕੀਤਾ ਜਾਂਦਾ ਰਿਹਾ ਹੈ। ਰਾਜਾ ਮਾਲਵਿੰਦਰ ਸਿੰਘ ਇਸ ਗੱਲ ਤੋਂ ਖਫਾ ਹਨ ਕਿ ਉਨ੍ਹਾਂ ਨੂੰ ਕਦੇ ਵੀ ਸੱਦਾ ਨਹੀਂ ਭੇਜਿਆ ਜਾ ਰਿਹਾ ਜਦਕਿ ਉਹ ਅਕਾਲੀ ਦਲ ਨਾਲ ਪੱਕੇ ਤੌਰ 'ਤੇ ਜੁੜੇ ਹੋਏ ਹਨ।