ਟਾਂਡਾ(ਜੌੜਾ/ਪੱਪੂ)-ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਬੇਟ ਖੇਤਰ ਵਿਚ ਧੁੱਸੀ ਬੰਨ੍ਹ ਦੇ ਅੰਦਰ ਕਰੀਬ 6 ਪਿੰਡਾਂ ਵਿਚ ਪਾਣੀ ਚਲੇ ਗਿਆ ਹੈ। ਪਿਛਲੇ 3 ਦਿਨਾਂ ਤੋਂ ਪਿੰਡ ਅਬਦੁੱਲਾਪੁਰ, ਕੋਟ ਸਤਾਰ ਖਾਂ, ਫੱਤਾਕੁੱਲਾ, ਭੈਣੀ ਮਿਰਜ਼ਾ ਖਾਂ, ਮੇਵਾ ਮਿਆਣੀ, ਮਿਆਦੀਆਂ ਆਦਿ ਦਾ ਰਕਬਾ ਪਾਣੀ ਦੀ ਲਪੇਟ 'ਚ ਆਉਣ ਕਾਰਨ ਜਿਥੇ ਹਜ਼ਾਰਾਂ ਏਕੜ ਫਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ, ਉਥੇ ਆਮ ਲੋਕਾਂ ਦੇ ਮਾਲ-ਡੰਗਰ ਤੇ ਬੱਚੇ-ਬਜ਼ੁਰਗ ਵੀ ਪ੍ਰਭਾਵਿਤ ਹੋਏ ਹਨ। ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਿੰਡ ਅਬਦੁੱਲਾਪੁਰ ਸਮੇਤ ਹੋਰ ਵੀ ਕੁਝ ਇਕ ਪਿੰਡ ਜਿਨ੍ਹਾਂ ਵਿਚ ਪਾਣੀ ਆ ਜਾਣ ਕਾਰਨ ਰਸਤੇ ਪੂਰੀ ਤਰ੍ਹਾਂ ਬੰਦ ਪਏ, ਨੂੰ ਖਾਲੀ ਕਰਵਾ ਦਿੱਤਾ ਗਿਆ ਹੈ।
ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਅਬਦੁੱਲਾਪੁਰ ਵਿਚ ਕਰੀਬ 7-8 ਸੌ ਆਬਾਦੀ ਵਾਲੇ ਪਿੰਡ 'ਚੋਂ ਕਿਸ਼ਤੀਆਂ ਰਾਹੀਂ ਬੱਚਿਆਂ, ਬਜ਼ੁਰਗਾਂ ਅਤੇ ਹੋਰ ਨੌਜਵਾਨਾਂ ਨੂੰ ਮਿਆਣੀ ਸਾਈਡ ਉੱਚੀਆਂ ਥਾਵਾਂ 'ਤੇ ਸੁਰੱਖਿਅਤ ਲੈ ਆਂਦਾ ਹੈ। ਅੱਜ ਪਿੰਡ ਦੇ ਸਰਪੰਚ ਜਸਵੰਤ ਸਿੰਘ ਬਿੱਟੂ ਨੇ ਦੱਸਿਆ ਕਿ ਪੂਰੇ ਪਿੰਡ ਦੇ ਲੋਕਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਦਦ ਨਾਲ ਉਨ੍ਹਾਂ ਦਾ ਸਮੁੱਚਾ ਸਾਮਾਨ ਅਤੇ ਮਾਲ-ਡੰਗਰ ਮਿਆਣੀ ਸਾਈਡ ਲੈ ਆਂਦਾ ਹੈ ਅਤੇ ਉਨ੍ਹਾਂ ਮਿਆਣੀ ਸਾਈਡ ਆਪਣੇ ਰਿਸ਼ਤੇਦਾਰਾਂ, ਸੱਜਣਾਂ, ਮਿੱਤਰਾਂ ਅਤੇ ਹੋਰ ਜਾਣਕਾਰ ਲੋਕਾਂ ਦੀ ਮਦਦ ਲੈ ਕੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪ੍ਰਸ਼ਾਸਨ ਵਲੋਂ ਸਿਹਤ ਸਹੂਲਤਾਂ ਉਪਲਬਧ : ਪ੍ਰਸ਼ਾਸਨਿਕ ਅਧਿਕਾਰੀਆਂ ਵਿਚ ਐੱਸ. ਡੀ. ਐੱਮ. ਦਸੂਹਾ ਦੀ ਅਗਵਾਈ ਵਿਚ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ, ਪਸ਼ੂਆਂ ਦੇ ਡਾਕਟਰਾਂ ਦੀ ਟੀਮ ਪਿੰਡ ਅਬਦੁੱਲਾਪੁਰ ਪਹੁੰਚੀ, ਜਿਥੇ ਅਜਿਹੀ ਸਥਿਤੀ ਵਿਚ ਪ੍ਰਭਾਵਿਤ ਲੋਕਾਂ ਨੂੰ ਆ ਰਹੀਆਂ ਸਿਹਤ ਸਹੂਲਤਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ। ਇਸ ਮੌਕੇ ਸਰਕਾਰੀ ਡਾਕਟਰ ਹਬੀਬ ਜੌੜਾ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਪਸ਼ੂਆਂ ਦਾ ਵੀ ਮੁਆਇਨਾ ਕੀਤਾ। ਆਮ ਲੋਕਾਂ ਵਲੋਂ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਦੀ ਮੰਗ : ਉਕਤ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਕੁਦਰਤੀ ਤੌਰ 'ਤੇ ਬਿਆਸ ਦਰਿਆ ਦੇ ਪਾਣੀ ਨਾਲ ਉਨ੍ਹਾਂ ਦੀਆਂ ਫਸਲਾਂ ਦੇ ਹੋਏ ਉਜਾੜੇ ਦੀ ਮੁਆਵਜ਼ੇ ਦੀ ਗੱਲ ਕਰਦਿਆਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਮਾਲੀ ਮਦਦ ਕੀਤੀ ਜਾਵੇ। ਸਰਪੰਚ ਜਸਵੰਤ ਸਿੰਘ ਬਿੱਟੂ ਨੇ ਕਿਹਾ ਕਿ ਪਿੰਡ ਅਬਦੁੱਲਾਪੁਰ ਵਿਚ ਪਾਣੀ ਦੀ ਮਾਰ ਹੇਠ ਹਜ਼ਾਰਾਂ ਏਕੜ ਫਸਲ ਤਬਾਹ ਹੋ ਕੇ ਰਹਿ ਗਈ ਹੈ। ਉਸ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ।