ਭੱਠਾ ਮਾਲਕਾਂ ਦੀ ਹੋਈ ਹੰਗਾਮੀ ਮੀਟਿੰਗ, ਕੇਂਦਰੀ ਮੰਤਰੀ ਨੂੰ ਮਿਲਣ ਦਾ ਫੈਸਲਾ
ਲੁਧਿਆਣਾ, (ਸਲੂਜਾ)- ਪੰਜਾਬ ਭਰ ਅੰਦਰ ਰੇਤੇ ਦੀ ਵਧ ਰਹੀ ਕਾਲਾਬਾਜ਼ਾਰੀ ਕਾਰਨ ਪੈਦਾ ਹੋਈ ਰੇਤੇ ਦੀ ਕਿੱਲਤ ਨੇ ਭੱਠਿਆਂ ਨੂੰ ਬੰਦ ਹੋਣ ਦੇ ਕਿਨਾਰੇ ਪਹੁੰਚਾ ਦਿਤਾ ਹੈ। ਦਿਨ ਪ੍ਰਤੀ ਦਿਨ ਗੰਭੀਰ ਹੁੰਦੇ ਜਾ ਰਹੇ ਇਸ ਮੁੱਦੇ 'ਤੇ ਜ਼ਿਲਾ ਭੱਠਾ ਮਾਲਕ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਅੱਜ ਇਥੇ ਹੋਈ। ਇਸ ਵਿਚ ਉਚੇਚੇ ਤੌਰ 'ਤੇ ਜਥੇਬੰਦੀ ਦੇ ਮੈਂਬਰ ਤੇ ਕਾਂਗਰਸੀ ਕੌਂਸਲਰ ਹੇਮਰਾਜ ਅਗਰਵਾਲ, ਕੌਂਸਲਰ ਅਸ਼ਵਨੀ ਸ਼ਰਮਾ ਅਤੇ ਜਨਰਲ ਸਕੱਤਰ ਜਗਜੀਤ ਸੂਦ ਸ਼ਾਮਲ ਹੋਏ। ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਜਵੰਦਾ ਨੇ ਮੀਟਿੰਗ 'ਚ ਲਏ ਫੈਸਲਿਆਂ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਤੇ ਦੀ ਕਿੱਲਤ ਦੇ ਸਥਾਈ ਹੱਲ ਲਈ ਭੱਠਾ ਮਾਲਕਾਂ ਦਾ ਉੱਚ ਪੱਧਰੀ ਵਫਦ ਆਉਂਦੇ ਹਫਤੇ ਦੌਰਾਨ ਕੌਂਸਲਰ ਹੇਮਰਾਜ ਅਗਰਵਾਲ ਅਤੇ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਦਿੱਲੀ ਵਿਖੇ ਕੇਂਦਰੀ ਮੰਤਰੀ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਨਿਕਲਿਆ ਤਾਂ ਭੱਠਾ ਮਾਲਕ ਇਸ ਵਰ੍ਹੇ ਭੱਠੇ ਨਹੀਂ ਚਲਾਉਣਗੇ।  ਇਸ ਮੀਟਿੰਗ 'ਚ ਅਸ਼ਵਨੀ ਸੂਦ, ਨਾਜ਼ਰ ਸਿੰਘ, ਸੁਰਿੰਦਰ ਲੇਖੀ, ਕੁਲਵੰਤ ਪੁਰੀ, ਨਿਰਮਲ ਸਿੰਘ, ਸੁਰਿੰਦਰ ਸਿੰਗਲਾ, ਕ੍ਰਿਸ਼ਨ ਲੋਹਗੜ੍ਹ, ਅਵਤਾਰ ਸਿੰਘ ਮਾਨ, ਅਸ਼ੋਕ ਮੁੱਲਾਂਪੁਰ, ਦਵਿੰਦਰਪਾਲ ਸਿੰਘ ਵਾਲੀਆ ਅਤੇ ਬੱਬੂ ਸਾਹਨੇਵਾਲ ਆਦਿ ਵੀ ਹਾਜ਼ਰ ਸਨ।