www.sabblok.blogspot.com
ਜਲੰਧਰ- ਤੁਹਾਨੂੰ ਇਸ ਖਬਰ ਦੀ ਸੁਰਖੀ ਪੜ੍ਹ ਕੇ ਹੈਰਾਨੀ ਹੋ ਸਕਦੀ ਹੈ ਪਰ ਇਹ 100 ਫੀਸਦੀ ਸੱਚ ਹੈ ਕਿ ਪੰਜਾਬ ਦੇ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ 'ਤੇ ਡਿਊਟੀ ਕਰਨ ਵਾਲੇ ਬੀ. ਐਸ. ਐਫ. ਦੇ ਜਵਾਨ ਇਨ੍ਹੀਂ ਦਿਨੀਂ ਸੱਪਾਂ ਕਾਰਨ ਬੜੇ ਪ੍ਰੇਸ਼ਾਨ ਹਨ। ਪਿਛਲੇ ਕੁਝ ਦਿਨਾਂ ਵਿਚ ਸੱਪਾਂ ਵਲੋਂ ਬੀ. ਐਸ. ਐਫ. ਦੇ ਜਵਾਨਾਂ ਨੂੰ ਡੰਗ ਮਾਰਨ ਦੀਆਂ 8 ਘਟਨਾਵਾਂ ਹੋ ਚੁੱਕੀਆਂ ਹਨ। ਲਿਹਾਜ਼ਾ ਬੀ. ਐਸ. ਐਫ. ਦੇ ਜਵਾਨਾਂ ਨੂੰ ਪਾਕਿਸਤਾਨ ਦੇ ਘੁਸਪੈਠੀਆਂ 'ਤੇ ਨਜ਼ਰ ਰੱਖਣ ਦੇ ਨਾਲ-ਨਾਲ ਇਨ੍ਹਾਂ ਸੱਪਾਂ ਬਾਰੇ ਵੀ ਖਾਸ ਤੌਰ 'ਤੇ ਸੁਚੇਤ ਰਹਿਣਾ ਪੈ ਰਿਹਾ ਹੈ। ਅਜਿਹੇ ਵਿਚ ਸਵਾਲ ਇਹ ਉਠਦਾ ਹੈ ਕਿ ਇਹ ਸੱਪ ਵੀ ਕਿਤੇ ਪਾਕਿਸਤਾਨ ਤਾਂ ਨਹੀਂ ਛੱਡ ਰਿਹਾ? ਬੀ. ਐਸ. ਐਫ. ਦੇ ਆਈ.ਜੀ. ਆਦਿਤਿਆ ਮਿਸ਼ਰਾ ਨੇ ਜਲੰਧਰ ਵਿਚ ਗੱਲਬਾਤ ਦੌਰਾਨ ਜਵਾਨਾਂ ਨੂੰ ਸੱਪਾਂ ਵਲੋਂ ਡੰਗੇ ਜਾਣ ਦੀਆਂ ਘਟਨਾਵਾਂ ਦੀ ਪੁਸ਼ਟੀ ਕੀਤੀ ਹੈ। ਆਦਿਤਿਆ ਮਿਸ਼ਰਾ ਨੇ ਕਿਹਾ ਕਿ ਬਰਸਾਤੀ ਸੀਜ਼ਨ ਦੌਰਾਨ ਸਰਹੱਦ 'ਤੇ ਕਈ-ਕਈ ਫੁੱਟ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਜਵਾਨਾਂ ਨੂੰ ਡਿਊਟੀ ਕਰਨ ਵਿਚ ਪ੍ਰੇਸ਼ਾਨੀ ਆਉਂਦੀ ਹੈ। ਪਾਣੀ ਦੀ ਸਮੱਸਿਆ ਤੋਂ ਇਲਾਵਾ ਬੀ. ਐਸ. ਐਫ. ਦੇ ਜਵਾਨਾਂ ਨੂੰ ਸਰਹੱਦ 'ਤੇ ਘੁੰਮਦੇ ਸੱਪਾਂ ਬਾਰੇ ਵੀ ਖਾਸ ਤੌਰ 'ਤੇ ਸੁਚੇਤ ਰਹਿਣਾ ਪੈਂਦਾ ਹੈ ਕਿਉਂਕਿ ਹੁਣ ਤੱਕ ਇਸ ਸੀਜ਼ਨ ਵਿਚ 8 ਜਵਾਨਾਂ ਨੂੰ ਸੱਪ ਡੰਗ ਚੁੱਕੇ ਹਨ। ਹਾਲਾਂਕਿ ਬੀ. ਐਸ. ਐਫ. ਦੇ ਜਵਾਨ ਹਰ ਖਤਰੇ ਦੀ ਪਰਵਾਹ ਕੀਤੇ ਬਗੈਰ ਸਰਹੱਦ 'ਤੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਰੱਖਿਆ ਕਰ ਰਹੇ ਹਨ ਪਰ ਸੱਪਾਂ ਬਾਰੇ ਜਾਣਕਾਰੀ ਲੈਣ ਲਈ ਸਾਇੰਸ ਕੋਲ ਵੀ ਕੋਈ ਤਕਨੀਕ ਮੌਜੂਦ ਨਹੀਂ ਹੈ। ਲਿਹਾਜ਼ਾ ਇਨ੍ਹਾਂ ਸੱਪਾਂ 'ਤੇ ਮਨੁੱਖੀ ਅੱਖ ਨਾਲ ਹੀ ਨਜ਼ਰ ਰੱਖੀ ਜਾ ਰਹੀ ਹੈ।
No comments:
Post a Comment