www.sabblok.blogspot.com
ਸੰਗਰੂਰ, 27 ਜੁਲਾਈ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਨਲਾਈਨ ਅਦਾਇਗੀਆਂ ਦੀ ਸਕੀਮ ਰਾਜ ਭਰ ਵਿੱਚ ਕਾਮਯਾਬੀ ਨਾਲ ਚੱਲ ਰਹੀ ਹੈ ਅਤੇ ਪਹਿਲੀ ਤਿਮਾਹੀ ਤੱਕ 7281.85 ਕਰੋੜ ਰੁਪਏ ਦੀਆਂ ਅਦਾਇਗੀਆਂ ਏਕੀਕਰਨ ਵਿੱਤੀ ਪ੍ਰਬੰਧ ਸਿਸਟਮ (ਇੰਟੈਗਰੇਟਿਡ ਫਾਇਨਾਂਸ਼ੀਅਲ ਮੈਨੇਜਮੈਂਟ ਸਿਸਟਮ- ਆਈ.ਐਫ.ਐਮ. ਐਸ) ਰਾਹੀਂ ਕੀਤੀਆਂ ਜਾ ਚੁੱਕੀਆਂ ਹਨ। ਪੰਜਾਬ ’ਚ ਇਹ ਸਕੀਮ 1 ਅਪਰੈਲ 2013 ਤੋਂ ਸ਼ੁਰੂ ਕੀਤੀ ਗਈ ਸੀ।
ਇਹ ਜਾਣਕਾਰੀ ਦਿੰਦਿਆਂ ਵਿੱਤ ਅਤੇ ਯੋਜਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਸਰਕਾਰੀ ਪੱਧਰ ’ਤੇ ਸਾਰੀਆਂ ਅਦਾਇਗੀਆਂ ਸਿੱਧੀਆਂ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋ ਰਹੀਆਂ ਹਨ। ਇਸ ਵਿਵਸਥਾ ਦਾ ਪੂਰੇ ਪੰਜਾਬ ਵਿੱਚ 14.32 ਲੱਖ ਲਾਭਪਾਤਰੀ ਫਾਇਦਾ ਉਠਾ ਚੁੱਕੇ ਹਨ। ਉਨ੍ਹਾਂ
ਦੱਸਿਆ ਕਿ ਈ-ਪੇਮੈਂਟ ਪ੍ਰਣਾਲੀ ਅਜਿਹੇ ਸਾਰੇ ਸਰਕਾਰੀ ਵਿਭਾਗਾਂ/ਦਫਤਰਾਂ ’ਚ ਲਾਗੂ ਕੀਤੀ ਗਈ ਹੈ, ਜਿਨ੍ਹਾਂ ਦਾ ਲੈਣ-ਦੇਣ ਖ਼ਜ਼ਾਨਾ ਦਫਤਰਾਂ ਰਾਹੀਂ ਹੁੰਦਾ ਹੈ। ਇਸ ਪ੍ਰਣਾਲੀ ਤਹਿਤ ਪਹਿਲੀ ਤਿਮਾਹੀ ਤੱਕ ਜ਼ਿਲ੍ਹਾ ਸੰਗਰੂਰ ਵਿੱਚ ਕੁੱਲ 180.62 ਕਰੋੜ ਰੁਪਏ ਦੀਆਂ ਅਦਾਇਗੀਆਂ 72469 ਲਾਭਪਾਤਰੀਆਂ ਨੂੰ ਕੀਤੀਆਂ ਜਾ ਚੁੱਕੀਆਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਆਨਲਾਈਨ ਪੈਸਾ ਪ੍ਰਾਪਤ ਕਰਨ ਵਾਲੇ ਨੂੰ ਵੀ ਫਾਇਦਾ ਹੋ ਰਿਹਾ ਹੈ ਕਿਉਂਕਿ ਉਸਦੇ ਖਾਤੇ ’ਚ ਪੈਸਾ ਤੁਰੰਤ ਜਮ੍ਹਾਂ ਹੋ ਰਿਹਾ ਹੈ। ਅਦਾਇਗੀਆਂ ਦੀ ਇਸ ਵਿਵਸਥਾ ਨਾਲ ਹਿਸਾਬ-ਕਿਤਾਬ ਰੱਖਣਾ ਵੀ ਸੌਖਾ ਹੈ ਅਤੇ ਕਿਸੇ ਤਰ੍ਹਾਂ ਦੇ ਧੋਖੇ ਦੀ ਕੋਈ ਗੰੁਜਾਇਸ਼ ਨਹੀਂ ਹੈ। ਇਸ ਨਾਲ ਸਮੇਂ ਦੀ ਬੱਚਤ ਵੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿੱਤ ਵਿਭਾਗ ਦੇ ਸਾਰੇ ਕੰਮਕਾਜ ਨੂੰ ਆਨਲਾਈਨ ਕਰਨ ਦੇ ਮਕਸਦ ਨਾਲ 1 ਜੁਲਾਈ 2013 ਤੋਂ ਸਾਰੇ ਵਿਭਾਗਾਂ ਕੋਲੋਂ ਫੰਡਾਂ ਲਈ ਪ੍ਰਸਤਾਵ ਵੀ ਆਨਲਾਈਨ ਹੀ ਸਵੀਕਾਰੇ ਜਾਣੇ ਸ਼ੁਰੂ ਕਰ ਦਿੱਤੇ ਗਏ ਹਨ। ਹੁਣ ਕਿਸੇ ਵੀ ਵਿਭਾਗ ਤੋਂ ਫੰਡ ਪ੍ਰਸਤਾਵ ਕਾਗਜ਼ੀ ਤੌਰ ’ਤੇ ਨਹੀਂ ਲਿਆ ਜਾ ਰਿਹਾ।
No comments:
Post a Comment