www.sabblok.blogspot.com
ਜਲੰਧਰ, 24 ਜੁਲਾਈ
ਜ਼ਹਿਰੀਲੇ ਮਿੱਡ-ਡੇਅ-ਮੀਲ ਕਾਰਨ ਬਿਹਾਰ ਵਿਚ ਵਾਪਰੇ ਦੁਖਾਂਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਚੌਕਸੀ ਵਰਤਦਿਆਂ ਇਕੋ ਦਿਨ ਵਿਚ 40 ਸਕੂਲਾਂ ਤੇ ਆਂਗਨਵਾੜੀ ਸੈਂਟਰਾਂ ’ਤੇ ਛਾਪੇ ਮਾਰੇ। ਡਿਪਟੀ ਕਮਿਸ਼ਨਰ ਸ਼ਰੂਤੀ ਸਿੰਘ ਨੇ ਇਨ੍ਹਾਂ ਛਾਪਿਆਂ ਬਾਰੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਮਿੱਡ-ਡੇ-ਮੀਲ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਪ-ਮੰਡਲ ਪੱਧਰ ’ਤੇ ਜਲੰਧਰ-1, ਜਲੰਧਰ-2, ਨਕੋਦਰ, ਸ਼ਾਹਕੋਟ ਅਤੇ ਫਿਲੌਰ ਦੇ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਦੀ ਚੈਕਿੰਗ ਉਥੋਂ ਦੇ ਸਬੰਧਤ ਐਸ.ਡੀ.ਐਮਜ਼ ਅਤੇ ਹੋਰ ਅਧਿਕਾਰੀਆਂ ਵੱਲੋਂ ਕੀਤੀ ਗਈ। ਚੈਕਿੰਗ ਦੌਰਾਨ ਲਗਪਗ ਸਾਰੇ ਸਕੂਲਾਂ ਵਿਚ ਸਟਾਕ ਪੂਰਾ ਤੇ ਸਾਫ਼-ਸੁਥਰਾ ਪਾਇਆ ਗਿਆ ਅਤੇ ਖਾਣਾ ਵੀ ਠੀਕ ਬਣਿਆ ਹੋਇਆ ਸੀ। ਇੱਕਾ-ਦੁੱਕਾ ਸਕੂਲਾਂ ’ਚ ਸਫ਼ਾਈ ਦੀ ਘਾਟ ਪਾਈ ਗਈ, ਜਿਸ ਸਬੰਧੀ ਉਥੋਂ ਦੇ ਮੁੱਖ ਅਧਿਆਪਕਾਂ ਨੂੰ ਹਦਾਇਤਾਂ ਜਾਰੀ
ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲਾਂ ਵਿਚ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਦੀ ਪੌਸ਼ਟਿਕਤਾ ਅਤੇ ਸਾਫ਼-ਸਫ਼ਾਈ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਮਿਡ-ਡੇਅ-ਮੀਲ ਸਬੰਧੀ ਕੋਈ ਵੀ ਕੋਤਾਹੀ ਜਾਂ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਐਸ.ਡੀ.ਐਮ.-1 ਪਰਮਜੀਤ ਸਿੰਘ ਨੇ ਅੱਜ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਭਾਰਗੋ ਕੈਂਪ, ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ-ਲੜਕੀਆਂ) ਭਾਰਗੋ ਕੈਂਪ ਅਤੇ ਉਪ-ਮੰਡਲ-1 ਅਤੇ 2 ਦੇ ਹੋਰ ਸਕੂਲਾਂ ਤੇ ਆਂਗਨਵਾੜੀ ਸੈਂਟਰਾਂ ਦਾ ਦੌਰਾ ਕਰਕੇ ਉਥੇ ਤਿਆਰ ਕੀਤੇ ਗਏ ਦੁਪਹਿਰ ਦੇ ਖਾਣੇ ਦੀ ਜਾਂਚ ਕੀਤੀ। ਇਸੇ ਤਰ੍ਹਾਂ ਐਸ.ਡੀ.ਐਮ. ਨਕੋਦਰ ਹਰਦੀਪ ਸਿੰਘ ਧਾਲੀਵਾਲ ਵੱਲੋਂ ਪੀ.ਆਰ.ਆਈ. ਆਲੋਵਾਲ, ਸਰਕਾਰੀ ਮਿਡਲ ਸਕੂਲ ਆਲੋਵਾਲ, ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਜੀਵਨ, ਸਰਕਾਰੀ ਪ੍ਰਾਇਮਰੀ ਸਕੂਲ ਮੁੱਧ, ਸਰਕਾਰੀ ਮਿਡਲ ਸਕੂਲ ਅਤੇ ਆਂਗਨਵਾੜੀ ਸੈਂਟਰ ਮੁੱਧ ਦੀ ਚੈਕਿੰਗ ਕੀਤੀ। ਇਸ ਤੋਂ ਇਲਾਵਾ ਨਾਇਬ ਤਹਿਸੀਲਦਾਰ ਨਕੋਦਰ ਨਿਰਜੀਤ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਮਾਲੜੀ, ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਹੁਸੈਨਪੁਰ ਅਤੇ ਨਾਇਬ ਤਹਿਸੀਲਦਾਰ ਮਹਿਤਪੁਰ ਨਰਿੰਦਰਜੀਤ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੰਗੋਵਾਲ, ਸਰਕਾਰੀ ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਉਮਰੇਵਾਲ ਬਿੱਲਾ ਦੀ ਚੈਕਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਐਸ.ਡੀ.ਐਮ. ਫਿਲੌਰ ਜਸਬੀਰ ਸਿੰਘ ਨੇ ਮਨਸੂਰਪੁਰ, ਧਰੇਤਾ, ਬੜਾ ਪਿੰਡ ਅਤੇ ਬਿਲਗਾ ਦੇ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿਖੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ ਦੀ ਜਾਂਚ ਕੀਤੀ।
ਸ਼ਾਹਕੋਟ (ਪੱਤਰ ਪ੍ਰੇਰਕ)-ਅੱਜ ਐਸ.ਡੀ.ਐਮ. ਸ਼ਾਹਕੋਟ, ਨਾਇਬ ਤਹਿਸੀਲਦਾਰ ਸ਼ਾਹਕੋਟ ਅਤੇ ਬੀ.ਡੀ.ਪੀ.ਓ. ਸ਼ਾਹਕੋਟ ਦੀ ਟੀਮ ਵੱਲੋਂ ਬਲਾਕ ਦੇ ਕਈ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ ਦੀ ਜਾਂਚ ਕੀਤੀ। ਐਸ.ਡੀ.ਐਮ. ਸ਼ਾਹਕੋਟ ਟੀ.ਐਨ. ਪਾਸੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪਾ੍ਰਇਮਰੀ ਸਕੂਲ ਨੰਗਲ ਅੰਬੀਆਂ, ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਬਾਊਪੁਰ, ਪੀ.ਆਰ.ਆਈ. ਢੰਡੋਵਾਲ ਅਤੇ ਸਾਂਦਾ ਵਿਖੇ ਦੁਪਹਿਰ ਦੇ ਖਾਣੇ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਸ਼ਾਹਕੋਟ ਪ੍ਰਦੀਪ ਕੁਮਾਰ ਦੀ ਟੀਮ ਵੱਲੋਂ ਪੀ.ਆਰ.ਆਈ. ਸਕੂਲ ਤੇ ਆਂਗਨਵਾੜੀ ਸੈਂਟਰ ਨਿਮਾਜੀਪੁਰ, ਪੀ.ਆਰ.ਆਈ. ਸਕੂਲ ਤੇ ਆਂਗਨਵਾੜੀ ਸੈਂਟਰ ਖਾਨਪੁਰ ਰਾਜਪੂਤਾਂ, ਪੀ.ਆਰ.ਆਈ. ਸਕੂਲ ਤੇ ਆਂਗਣਵਾੜੀ ਸੈਂਟਰ ਮੀਏਵਾਲ ਮੌਲਵੀਆਂ, ਈਨੋਵਾਲ, ਸਰਕਾਰੀ ਪ੍ਰਾਇਮਰੀ ਤੇ ਮਿਡਲ ਤੇ ਆਂਗਨਵਾੜੀ ਸੈਂਟਰ ਮੀਏਵਾਲ ਅਰਾਈਆਂ ਅਤੇ ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਅਤੇ ਆਂਗਨਵਾੜੀ ਸੈਂਟਰ ਮੂਲੇਵਾਲ ਖਹਿਰਾ ਦਾ ਦੁਪਹਿਰ ਦਾ ਭੋਜਨ ਚੈੱਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੀ.ਡੀ ਪੀ.ਓ. ਸ਼ਾਹਕੋਟ ਪਰਗਟ ਸਿੰਘ ਦੀ ਟੀਮ ਨੇ ਪੀ.ਆਰ.ਆਈ. ਸਕੂਲ ਚੱਕ ਬਾਹਮਣੀਆ ਪੂਰਬ ਤੇ ਪੱਛਮ, ਰੇੜ੍ਹਵਾਂ ਅਤੇ ਨਵਾ ਪਿੰਡ ਅਕਾਲੀਆਂ ਦੇ ਸਕੂਲ ਦਾ ਖਾਣਾ ਚੈੱਕ ਕੀਤਾ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਮਿਡ-ਡੇਅ-ਮੀਲ ਨਾਲ ਸਬੰਧਤ ਰਿਕਾਰਡ ਚੈੱਕ ਕਰਨ ਦੇ ਨਾਲ ਨਾਲ ਖਾਧ ਪਦਾਰਥਾਂ ਦੇ ਸੈਂਪਲ ਵੀ ਭਰੇ ਗਏ।
No comments:
Post a Comment