jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 29 July 2013

ਸਰਕਾਰ ਦੇ ਸਭ ਫ਼ੈਸਲੇ ਭਾਜਪਾ ਦੀ ਰਜ਼ਾਮੰਦੀ ਨਾਲ-ਸੁਖਬੀਰ

www.sabblok.blogspot.com


ਪੰਜਾਬ ਦੇ 1300 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਲਗਾਏ ਤਰੱਕੀ ਦੇ ਬੈਜ
ਐਨ. ਆਰ. ਆਈ. ਥਾਣਿਆਂ ਤੇ ਸਾਂਝ ਕੇਂਦਰਾਂ ਦਾ ਵੱਖਰਾ ਕਾਡਰ ਬਣਾਉਣ ਦਾ ਐਲਾਨ
ਅਣਅਧਿਕਾਰਤ ਕਾਲੋਨੀਆਂ ਬਾਰੇ ਦਿਖਾਏ ਸਖ਼ਤ ਤੇਵਰ


ਮੇਜਰ ਸਿੰਘ
ਜਲੰਧਰ, 29 ਜੁਲਾਈ-ਪੰਜਾਬ ਦੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਵਜ਼ਾਰਤ ਵੱਲੋਂ ਲਏ ਜਾਂਦੇ ਸਾਰੇ ਫ਼ੈਸਲੇ ਭਾਜਪਾ ਆਗੂਆਂ ਦੀ ਰਜ਼ਾਮੰਦੀ ਤੇ ਸਹਿਮਤੀ ਨਾਲ ਹੀ ਲਏ ਜਾਂਦੇ ਹਨ ਅਤੇ ਹੁਣ ਤੱਕ ਇਕ ਵੀ ਅਜਿਹਾ ਫ਼ੈਸਲਾ ਸਰਕਾਰ ਨੇ ਨਹੀਂ ਲਿਆ ਜੋ ਭਾਜਪਾ ਆਗੂਆਂ ਨੂੰ ਮਨਜ਼ੂਰ ਨਾ ਹੋਵੇ। ਉਪ-ਮੁੱਖ ਮੰਤਰੀ ਨੇ ਪੀ. ਏ. ਪੀ. ਕੰਪਲੈਕਸ ਵਿਖੇ 1300 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਤਰੱਕੀ ਦੇ ਬੈਜ ਲਗਾਉਣ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਪ੍ਰਗਟਾਵਾ ਕੀਤਾ। ਪੱਤਰਕਾਰਾਂ ਵੱਲੋਂ ਸ: ਸੁਖਬੀਰ ਸਿੰਘ ਬਾਦਲ ਉੱਪਰ ਸੁਆਲਾਂ ਦੀ ਬੁਛਾੜ ਕੀਤੀ ਗਈ ਸੀ ਕਿ ਭਾਜਪਾ ਆਗੂ ਸਰਕਾਰ ਵੱਲੋਂ ਕੀਤੇ ਗਏ ਬਹੁਤੇ ਫ਼ੈਸਲਿਆਂ ਦਾ ਵਿਰੋਧ ਕਿਉਂ ਕਰਦੇ ਹਨ ਤੇ ਫਿਰ ਉਨ੍ਹਾਂ ਦੇ ਦਬਾਅ ਹੇਠ ਫ਼ੈਸਲਿਆਂ ਬਾਰੇ ਮੁੜ ਵਿਚਾਰ ਸ਼ੁਰੂ ਹੋ ਜਾਂਦੀ ਹੈ। ਖੰਡ ਉੱਪਰ ਵੈਟ ਲਗਾਉਣ, ਸ਼ਹਿਰਾਂ 'ਚ ਪ੍ਰਾਪਰਟੀ ਟੈਕਸ ਲਗਾਉਣ ਤੇ ਹੁਣ ਅਣ-ਅਧਿਕਾਰਤ ਕਾਲੋਨੀਆਂ ਨੂੰ ਰੈਗੂਲਰ ਕਰਨ ਬਾਰੇ ਬਣਾਈ ਨਵੀਂ ਨੀਤੀ ਦਾ ਭਾਜਪਾ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਵਾਰ-ਵਾਰ ਕੀਤੇ ਅਜਿਹੇ ਸੁਆਲਾਂ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਉਨ੍ਹਾਂ ਕਿਹਾ ਕਿ ਸਰਕਾਰ ਵਿਚ ਕੋਈ ਇਕ ਵੀ ਅਜਿਹਾ ਫ਼ੈਸਲਾ ਨਹੀਂ ਜੋ ਅਕਾਲੀ ਦਲ ਨੇ ਂਿੲਕੱਲਿਆਂ ਕਰ ਲਿਆ ਹੋਵੇ। ਵਰਨਣਯੋਗ ਹੈ ਕਿ ਭਾਜਪਾ ਦੀ ਦੋ ਦਿਨ ਪਹਿਲਾਂ ਚੰਡੀਗੜ੍ਹ 'ਚ ਹੋਈ ਮੀਟਿੰਗ ਵਿਚ ਇਹ ਮੁੱਦਾ ਜ਼ੋਰ ਨਾਲ ਉਠਿਆ ਸੀ ਕਿ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਫ਼ੈਸਲਿਆਂ ਬਾਰੇ ਭਾਜਪਾ ਮੰਤਰੀ ਆਪਣੀ ਗੱਲ ਰੱਖਣ 'ਚ ਹਮੇਸ਼ਾ ਢਿੱਲੇ ਰਹਿੰਦੇ ਹਨ।
ਅਣ-ਅਧਿਕਾਰਤ ਕਾਲੋਨੀਆਂ ਬਾਰੇ ਤੇਵਰ ਤਿੱਖੇ
ਵਿਖੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅਣ-ਅਧਿਕਾਰਤ ਕਾਲੋਨੀਆਂ ਨੂੰ ਲਾਗੂ ਕਰਨ ਲਈ ਜਾਰੀ ਨੀਤੀ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਹੁਣ ਤੋਂ ਬਾਅਦ ਨਾਜਾਇਜ਼ ਉਸਾਰੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪਿਛਲੀਆਂ ਬਣੀਆਂ ਅਣ-ਅਧਿਕਾਰਤ ਕਾਲੋਨੀਆਂ ਨੂੰ ਰੈਗੂਲਰ ਕਰਨ ਬਾਰੇ ਮੋਹਲਤ ਦਿੱਤੀ ਗਈ ਹੈ ਜਿਹੜੇ ਲੋਕ ਫੀਸਾਂ ਭਰ ਕੇ ਰੈਗੂਲਰ ਕਰਵਾ ਲੈਣਗੇ, ਉਨ੍ਹਾਂ ਨੂੰ ਸਭ ਮੁਢਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਜਿੱਥੇ ਕਿਤੇ ਫੀਸਾਂ ਨਾ ਭਰੀਆਂ ਗਈ, ਉਥੇ ਅਗਲਾ ਕਦਮ ਚੁੱਕਣ ਬਾਰੇ ਮੋਹਲਤ ਦੀ ਤਾਰੀਖ ਲੰਘਣ ਬਾਅਦ ਫ਼ੈਸਲਾ ਕੀਤਾ ਜਾਵੇਗਾ। ਉਪ-ਮੁੱਖ ਮੰਤਰੀ ਨੇ ਐਲਾਨੀ ਨੀਤੀ ਵਿਚ ਕੋਈ ਫੇਰ-ਬਦਲ ਕਰਨ ਜਾਂ ਉਸ ਨੂੰ ਨਰਮ ਕਰਨ ਦੀ ਥਾਂ ਸਗੋਂ ਸਹੀ ਢੰਗ ਨਾਲ ਲਾਗੂ ਕਰਨ ਉੱਪਰ ਹੀ ਜ਼ੋਰ ਦਿੱਤਾ। ਪੰਜਾਬ 'ਚ ਖਾੜਕੂਵਾਦ ਦੇ ਸਮੇਂ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਸਪੈਸ਼ਲ ਟੀਮ ਗਠਿਤ ਦੀ ਉਠ ਰਹੀ ਮੰਗ ਬਾਰੇ ਉਪ ਮੁੱਖ ਮੰਤਰੀ ਦਾ ਕਹਿਣਾ ਸੀ ਇਸ ਬਾਰੇ ਹਾਲੇ ਵਿਚਾਰ ਨਹੀਂ ਕੀਤਾ ਗਿਆ।
1300 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਦਿੱਤਾ ਉੱਚ ਰੈਂਕ
ਉੱਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਇਥੇ ਪੀ. ਏ. ਪੀ. ਕੰਪਲੈਕਸ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਪੁਲਿਸ ਦੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ 1300 ਅਧਿਕਾਰੀਆਂ/ਕਰਮਚਾਰੀਆਂ ਨੂੰ ਜੀਵਨ ਭਰ ਯਾਦ ਰਹਿਣ ਯੋਗ ਇਕ ਤੋਹਫ਼ਾ ਪ੍ਰਦਾਨ ਕਰਦਿਆਂ ਉਨ੍ਹਾਂ ਦੀ ਅਗਲੇ ਰੈਂਕ ਵਿਚ ਤਰੱਕੀ ਦੇ ਸਟਾਰ ਲਾਏ ਗਏ। ਯਾਦ ਰਹੇ ਕਿ ਸਤੰਬਰ 2011 ਵਿਚ ਵੀ ਉਨ੍ਹਾਂ ਨੇ ਪੰਜਾਬ ਪੁਲਿਸ ਦੇ 5199 ਕਰਮਚਾਰੀਆਂ ਨੂੰ ਸਮੂਹਿਕ ਤਰੱਕੀ ਦੇ ਕੇ ਪਦ ਉਨਤੀਆਂ ਵਿਚ ਆਈ ਖੜੋਤ ਨੂੰ ਦੂਰ ਕਰਦਿਆਂ ਇਕ ਨਵਾਂ ਇਤਿਹਾਸ ਸਿਰਜਿਆ ਸੀ।
ਉਨ੍ਹਾਂ ਨੇ ਪੰਜਾਬ ਪੁਲਿਸ ਫੋਰਸ ਵਿਚ ਸ਼ਾਨਦਾਰ ਢੰਗ ਨਾਲ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਤੇ ਲਗਨ ਸਦਕਾ ਪੰਜਾਬ ਪੁਲਿਸ ਪਿਛਲੇ ਕੁਝ ਸਾਲਾਂ ਤੋਂ ਮੁਲਕ ਦੀ ਬਿਹਤਰੀਨ ਪੁਲਿਸ ਬਣੀ ਹੈ ਜਿਸ ਨੇ ਸੂਬੇ ਅਤੇ ਦੇਸ਼ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸ਼ਾਨਦਾਰ ਭੂਮਿਕਾ ਨਿਭਾਈ ਹੈ।
ਉਨ੍ਹਾਂ ਨੇ ਪੰਜਾਬ ਪੁਲਿਸ ਦੇ ਮਾਨਵੀ ਚਿਹਰੇ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਆਮ ਪੁਲਿਸ ਅਤੇ ਪੜਤਾਲ ਦੀਆਂ ਵਿਗਿਆਨਿਕ ਤਕਨੀਕਾਂ ਨੂੰ ਵੱਡੇ ਪੱਧਰ 'ਤੇ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਮਿਊਨਟੀ ਪੁਲਿਸ ਤਹਿਤ 153 ਸਾਂਝ ਕੇਂਦਰ ਰਾਜ ਅੰਦਰ ਕੰਮ ਕਰ ਰਹੇ ਹਨ ਅਤੇ ਅਗਲੇ 2 ਸਾਲਾਂ ਵਿਚ 87 ਕਰੋੜ ਰੁਪਏ ਦੀ ਲਾਗਤ ਨਾਲ 300 ਹੋਰ ਸਾਂਝ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਵੱਲੋਂ ਸਾਂਝ ਕੇਂਦਰਾਂ ਨੂੰ ਵੱਖਰਾ ਕੇਡਰ ਬਣਾਉਣ ਦੀ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ 2000 ਤੋਂ ਵੱਧ ਵੱਖ-ਵੱਖ ਪੱਧਰ 'ਤੇ ਪੁਲਿਸ ਅਧਿਕਾਰੀਆਂ ਨੂੰ ਭਰਤੀ ਕੀਤਾ ਗਿਆ ਹੈ ਅਤੇ 2000 ਮਹਿਲਾ ਕਾਂਸਟੇਬਲ ਭਰਤੀ ਕੀਤੀਆਂ ਗਈਆਂ ਹਨ।
ਐਨ. ਆਰ. ਆਈ. ਪੁਲਿਸ ਵਿੰਗ ਨੂੰ ਵੱਖਰਾ ਕੇਡਰ ਬਣਾਉਣ ਦਾ ਐਲਾਨ
ਸੁਖਬੀਰ ਨੇ ਐਨ. ਆਰ. ਆਈ. ਪੁਲਿਸ ਵਿੰਗ ਨੂੰ ਵੱਖਰਾ ਕੇਡਰ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਕੈਬਨਿਟ ਵੱਲੋਂ ਜਲਦੀ ਹੀ ਇਸ ਵਿਸ਼ੇਸ਼ ਵਿੰਗ ਨੂੰ ਏ. ਡੀ. ਜੀ. ਪੀ. ਜਾਂ ਆਈ. ਜੀ. (ਐਨ. ਆਰ. ਆਈ. ਮਾਮਲੇ) ਦੇ ਅਧੀਨ ਵੱਖਰੇ ਤੌਰ 'ਤੇ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨਾਈਟ ਪੁਲਸਿੰਗ ਦੇ ਕੰਮ ਕਾਜ 'ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਬਹੁਤ ਸਾਰੇ ਰਾਜ ਪੰਜਾਬ ਦੇ ਇਸ ਉਪਰਾਲੇ ਨੂੰ ਰੋਲ ਮਾਡਲ ਵਜੋਂ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿਚ ਜੁਰਮ ਨੂੰ ਨਕੇਲ ਪਾਉਣ ਦੇ ਮਕਸਦ ਨਾਲ 20 ਮਿੰਟ ਵਿਚ ਪੁਲਿਸ ਸਹਾਇਤਾ ਪਹੁੰਚਾਉਣ ਲਈ 'ਰੂਰਲ ਰੈਪਿਡ ਪੁਲਿਸ ਰਿਸਪੌਂਸ ਸਿਸਟਮ' ਲਾਗੂ ਕਰਨ ਲਈ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਵਰਗੇ ਸ਼ਹਿਰਾਂ ਵਿਚ ਸੇਫ ਸਿਟੀ ਪ੍ਰੋਜੈਕਟ, ਸੀਨੀਅਰ ਸਿਟੀਜ਼ਨ ਹੈਲਪਲਾਈਨ ਅਤੇ ਐਨ. ਆਰ. ਆਈ. ਹੈਲਪ ਲਾਈਨ ਜਲਦੀ ਹੀ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਕਾਂਸਟੇਬਲਾਂ ਲਈ ਹਾਊਸ ਰੈਂਟ ਅਤੇ 5 ਲੱਖ ਐਕਸਗ੍ਰੇਸ਼ੀਆ ਗਰਾਂਟ ਵਰਗੇ ਭਲਾਈ ਦੇ ਕਦਮ ਉਠਾਏ ਗਏ ਹਨ ਅਤੇ ਜਿਨ੍ਹਾਂ ਪੁਲਿਸ ਅਧਿਕਾਰੀਆਂ ਦੀ ਡਿਊਟੀ ਦੌਰਾਨ ਮੌਤ ਹੋ ਚੁੱਕੀ ਹੈ ਉਨ੍ਹਾਂ ਦੀਆਂ ਬੇਟੀਆਂ ਦੀ ਸ਼ਾਦੀ ਮੌਕੇ 1 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ।
ਸ੍ਰੀ ਸੁਮੇਧ ਸੈਣੀ ਡੀ. ਜੀ. ਪੀ. ਨੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਉਸਾਰੂ ਸੋਚ ਸਦਕਾ ਪੁਲਿਸ ਫੋਰਸ ਨੂੰ ਪ੍ਰੇਰਣਾਦਾਇਕ ਬਣਾਇਆ ਜਾ ਰਿਹਾ ਹੈ । ਉਪ ਮੁੱਖ ਮੰਤਰੀ ਵੱਲੋਂ 39 ਡੀ. ਐਸ. ਪੀਜ਼. ਨੂੰ ਐਸ. ਪੀ., 136 ਇੰਸਪੈਕਟਰਾਂ ਨੂੰ ਡੀ. ਐਸ. ਪੀ., 246 ਸਬ-ਇੰਸਪੈਕਟਰਾਂ ਨੂੰ ਇੰਸਪੈਕਟਰ, 305 ਏ. ਐਸ. ਆਈਜ਼. ਨੂੰ ਸਬ-ਇੰਸਪੈਕਟਰ ਅਤੇ 271 ਹੈੱਡ ਕਾਂਸਟੇਬਲਾਂ ਨੂੰ ਏ. ਐਸ. ਆਈ. ਵਜੋਂ ਤਰੱਕੀ ਦਿੰਦਿਆਂ ਉਨ੍ਹਾਂ ਨੂੰ ਸਟਾਰ ਲਗਾਏ। ਉਪ ਮੁੱਖ ਮੰਤਰੀ ਨੇ ਅਗਲੇ ਦੋ ਦਿਨਾਂ ਦੌਰਾਨ 300 ਹੋਰ ਹੈੱਡ ਕਾਂਸਟੇਬਲਾਂ ਨੂੰ ਤਰੱਕੀ ਦੇ ਕੇ ਏ.ਐਸ.ਆਈ ਬਣਾਉਣ ਦਾ ਐਲਾਨ ਕੀਤਾ।
ਇਸ ਮੌਕੇ ਸ੍ਰੀ ਡੀ. ਐਸ. ਬੈਂਸ ਪ੍ਰਮੁੱਖ ਸਕੱਤਰ ਗ੍ਰਹਿ ਵਿਭਾਗ, ਸ੍ਰੀ ਕੇ. ਡੀ. ਭੰਡਾਰੀ , ਸ੍ਰੀ ਪਵਨ ਕੁਮਾਰ ਟੀਨੂੰ, ਸ੍ਰੀ ਅਵਿਨਾਸ਼ ਚੰਦਰ, ਸ: ਪ੍ਰਗਟ ਸਿੰਘ, ਸ: ਗੁਰਪ੍ਰਤਾਪ ਸਿੰਘ ਵਡਾਲਾ, ਸ: ਗੁਰਦੇਵ ਸਿੰਘ ਸਹੋਤਾ ਏ. ਡੀ. ਜੀ. ਪੀ. (ਪੀ. ਏ. ਪੀ), ਸ੍ਰੀ ਆਰ. ਵੈਂਕਟਾਰਤਨਮ ਕਮਿਸ਼ਨਰ ਜਲੰਧਰ ਡਵੀਜ਼ਨ, ਸ੍ਰੀਮਤੀ ਸ਼ਰੂਤੀ ਸਿੰਘ ਡਿਪਟੀ ਕਮਿਸ਼ਨਰ ਜਲੰਧਰ, ਸ੍ਰੀ ਸੁਨੀਲ ਜੋਤੀ ਮੇਅਰ ਨਗਰ ਨਿਗਮ ਜਲੰਧਰ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਬਹੁਤ ਸਾਰੇ ਅਧਿਕਾਰੀ ਹਾਜ਼ਰ ਸਨ।

No comments: