ਬੱਸੀ ਪਠਾਣਾ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਆਪਣੇ ਸੂਬਾ ਪੱਧਰੀ ਦੌਰੇ ਦੀ ਬੱਸੀ ਪਠਾਣਾ ਤੋਂ ਸ਼ੁਰੂਆਤ ਕਰ ਦਿੱਤੀ। ਇਸ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਇਕਜੁੱਟ ਹੈ। ਕਾਂਗਰਸੀ ਵਰਕਰਾਂ ਨੂੰ ਯੂ.ਪੀ.ਏ ਸਰਕਾਰ ਦੀ ਪ੍ਰਾਪਤੀਆਂ 'ਤੇ ਮਾਣ ਕਰਦੇ ਹੋਏ ਅਕਾਲੀ-ਭਾਜਪਾ ਸਰਕਾਰ ਦੀ ਧੋਖੇਬਾਜ਼ੀ ਤੇ ਯੂ.ਪੀ.ਏ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਇਹ ਸਮ੍ਹਾਂ ਪੰਜਾਬ ਦੇ ਲੋਕਾਂ ਲਈ ਸੱਚ ਦਾ ਸਾਹਮਣਾ ਕਰਨ ਦਾ ਅਤੇ ਫਿਰਕੂ ਤੇ ਮਤਲਬਪ੍ਰਸਤ ਅਕਾਲੀ-ਭਾਜਪਾ ਗਠਜੋੜ ਨੂੰ ਬਾਹਰ ਕਰਕੇ ਸੂਬੇ ਨੂੰ ਬਚਾਉਣ ਦਾ ਹੈ। ਪੰਜਾਬ ਆਰਥਿਕ ਤੇ ਸਮਾਜਿਕ ਬਰਬਾਦੀ ਦੇ ਕੰਢੇ ਖੜ੍ਹਾ ਹੈ, ਜਿਥੇ ਕਾਨੂੰਨ ਤੇ ਵਿਵਸਥਾ ਗੰਭੀਰ ਮੁੱਦਾ ਹਨ। ਅਕਾਲੀ-ਭਾਜਪਾ ਆਗੂਆਂ ਨੇ ਪੰਜਾਬ ਦੀ ਸ਼ਾਂਤੀ ਨੂੰ ਖਰਾਬ ਕਰ ਦਿੱਤਾ ਹੈ। ਉਨ੍ਹਾਂ ਨੇ ਸਰਕਾਰ 'ਤੇ ਵਿਸ਼ੇਸ਼ ਹਿੱਤਾਂ ਖਾਤਿਰ ਮਾਫੀਆ ਰਾਜ ਨੂੰ ਸ਼ੈਅ ਦੇਣ ਦਾ ਦੋਸ਼ ਲਗਾਇਆ। ਸ. ਬਾਜਵਾ ਨੇ ਕਿਹਾ ਕਿ ਹਾਲ 'ਚ ਹੋਈਆਂ ਪੰਚਾਇਤ ਚੋਣਾਂ ਦੌਰਾਨ ਅਕਾਲੀ­-ਭਾਜਪਾ ਗਠਜੋੜ ਨੇ ਬੂਥਾਂ 'ਤੇ ਕਬਜ਼ਾ ਕੀਤਾ
ਅਤੇ ਵਿਰੋਧੀ ਆਗੂਆਂ ਤੇ ਵਰਕਰਾਂ ਖਿਲਾਫ ਹਿੰਸਾ ਕੀਤੀ ਹੈ। ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਅਪਰਾਧਿਕ ਅਨਸਰਾਂ ਨੇ ਸਾਜਿਸ਼ ਤਹਿਤ ਹਿੰਸਾ ਨੂੰ ਅੰਜਾਮ ਦਿੱਤਾ। ਸੂਬੇ 'ਚ ਕਾਨੂੰਨ ਤੇ ਵਿਵਸਥਾ ਦੀ ਹਾਲਤ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ ਤੇ ਲੋਕ ਸਹਿਮ ਗਏ ਹਨ। ਯੂ.ਪੀ.ਏ ਸਰਕਾਰ ਨੇ ਗਰੀਬ ਤੇ ਪਿਛੜੇ ਵਰਗ ਦੇ ਲੋਕਾਂ ਲਈ ਕਈ ਭਲਾਈ ਸਕੀਮਾਂ ਚਲਾਈਆਂ ਹਨ। ਖੁਰਾਕ ਸੁਰੱÎਖਿਆ ਕਾਨੂੰਨ ਏ.ਆਈ.ਸੀ.ਸੀ ਪ੍ਰਧਾਨ ਸੋਨੀਆ ਗਾਂਧੀ ਦਾ ਭਾਰਤ ਦੇ ਭੁੱਖਮਰੀ ਤੋਂ ਮੁਕਤ ਕਰਨ ਦੀ ਦਿਸ਼ਾ 'ਚ ਅਹਿਮ ਕਦਮ ਹੈ, ਜਿਸਦਾ ਭਾਜਪਾ ਤੇ ਉਸਦੇ ਸਹਿਯੋਗੀ ਅਕਾਲੀ ਦਲ ਵਰਗੀ ਵਿਰੋਧੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਦੀ ਪਾਰਟੀ 5 ਅਗਸਤ ਤੋਂ ਸ਼ੁਰੂ ਹੋ ਰਹੇ ਪਾਰਲੀਮੈਂਟ ਸੈਸ਼ਨ ਦੌਰਾਨ ਖੁਰਾਕ ਸੁਰੱਖਿਆ ਬਿੱਲ ਨੂੰ ਪਾਸ ਕਰਵਾਉਣ ਲਈ ਵਚਨਬੱਧ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੰਜਾਬ ਪ੍ਰਤੀ ਉਦਾਰਤਾ ਦਿਖਾਈ ਹੈ। ਕਲਕੱਤਾ-ਦਿੱਲੀ ਪੂਰਬੀ ਕੋਰੀਡੋਰ ਨੂੰ ਅੰਮ੍ਰਿਤਸਰ ਤੱਕ ਵਧਾਇਆ ਗਿਆ ਹੈ। ਇਸ ਨਾਲ ਸੂਬੇ ਦੀ ਅਰਥ ਵਿਵਸਥਾ 'ਚ ਕ੍ਰਾਂਤੀਕਾਰੀ ਬਦਲਾਅ ਆਉਣਗੇ। ਇਹ ਕੋਰੀਡੋਰ ਫਤਿਗਹੜ੍ਹ ਸਾਹਿਬ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਤੋਂ ਹੋ ਕੇ ਨਿਕਲੇਗਾ। ਲੁਧਿਆਣਾ, ਅੰਮ੍ਰਿਤਸਰ ਤੇ ਫਿਰੋਜਪੁਰ 'ਚ ਤਿੰਨ ਨਵੇਂ ਘੱਟ ਲਾਗਤ ਦੇ ਏਅਰਪੋਰਟ ਬਣਾਏ ਜਾਣਗੇ। ਪੰਜਾਬ 'ਚ ਸਾਰੇ ਨੈਸ਼ਨਲ ਹਾਈਵੇਜ ਦਾ ਨਿਰਮਾਣ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਹੈ ਤੇ ਪੇਂਡੂ ਸੜਕਾਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਹੇਠ ਬਣਾਈਆਂ ਗਈਆਂ ਹਨ। ਮਗਰ ਅਕਾਲੀ ਭਾਜਪਾ ਸਰਕਾਰ ਝੂਠੇ ਦਾਅਵੇ ਕਰਨ ਤੋਂ ਬਾਜ ਨਹੀਂ ਆ ਰਹੀ। ਸ. ਬਾਜਵਾ ਨੇ ਅਕਾਲੀ-ਭਾਜਪਾ ਸਰਕਾਰ 'ਤੇ ਬੀਤੀ ਵਿਧਾਨ ਸਭਾ ਚੋਣਾਂ ਦੌਰਾਨ ਝੂਠੇ ਵਾਅਦਿਆਂ ਰਾਹੀਂ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ। ਬੇਰੁਜਗਾਰ ਨੌਜਵਾਨਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਬੇਰੁਜਗਾਰੀ ਭੱਤਾ ਦੇਣ ਦਾ ਝੂਠਾ ਲਾਰਾ ਲਗਾਇਆ ਗਿਆ। ਕਾਂਗਰਸ ਪਾਰਟੀ ਇਕ ਲੱਖ ਬੇਰੁਜਗਾਰ ਨੌਜਵਾਨਾਂ ਦਾ ਨਾਂ ਇੰਪਲਾਇਮੇਂਟ ਐਕਸਚੇਂਜ 'ਚ ਲਿਖਵਾਏਗੀ। ਫਿਰ ਹਾਈਕੋਰਟ 'ਚ ਜਾ ਕੇ ਸਰਕਾਰ ਨੂੰ ਵਾਅਦੇ ਪੂਰੇ ਕਰਨ ਲਈ ਮਜਬੂਰ ਕੀਤਾ ਜਾਵੇਗਾ। ਇਹ ਝੂਠੇ ਵਾਅਦੇ ਹਰੇਕ ਵਰਗ ਨਾਲ ਕੀਤੇ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਫਤਿਹਗੜ੍ਹ ਸਾਹਿਬ ਵਿਖੇ ਧਾਰਮਿਕ ਸਥਾਨਾਂ ਵਿਚ ਜਾਕੇ ਮੱਥਾ ਟੇਕਿਆ।