www.sabblok.blogspot.com
ਗੜ੍ਹਸ਼ੰਕਰ, 27 ਜੁਲਾਈ
ਸਿੱਖਿਆ ਵਿਭਾਗ (ਪੰਜਾਬ) ਅਤੇ ਜ਼ਿਲ੍ਹਾ ਪ੍ਰੀਸ਼ਦ ਅਧੀਨ ਪੈਂਦੇ ਪਿੰਡ ਭਰੋਵਾਲ ਸੈਂਟਰ ਦੇ 9 ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਢੁਕਵੇਂ ਰੂਪ ਵਿੱਚ ਪਾਠ-ਪੁਸਤਕਾਂ ਦੀ ਸਪਲਾਈ ਨਾ ਕੀਤੇ ਜਾਣ ਸਬੰਧੀ ਪਿਛਲੇ ਦਿਨੀਂ ‘ਪੰਜਾਬੀ ਟ੍ਰਿਬਿਊਨ’ ਵਿੱਚ ਲੱਗੀ ਖ਼ਬਰ ਪਿੱਛੋਂ ਸਿੱਖਿਆ ਵਿਭਾਗ ਨੇ ਬੜੀ ਕਾਹਲੀ ਨਾਲ ਉਕਤ ਸਕੂਲਾਂ ਨੂੰ ਸਬੰਧਤ ਪੁਸਤਕਾਂ ਦੀ ਸਪਲਾਈ ਕਰਨ ਦਾ ਦਾਅਵਾ ਕੀਤਾ ਸੀ, ਪਰ ਅਜੇ ਵੀ ਇਸ ਖੇਤਰ ਦੇ 8 ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀ ਪੁਸਤਕਾਂ ਤੋਂ ਵਾਂਝੇ ਹਨ, ਜਿਸ ਕਾਰਨ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ 13 ਜੁਲਾਈ ਨੂੰ ‘ਪੰਜਾਬੀ ਟ੍ਰਿਬਿਊਨ’ ਵਿੱਚ ਲੱਗੀ ਖ਼ਬਰ ਪਿੱਛੋਂ ਵਿਭਾਗ ਹਰਕਤ ਵਿੱਚ ਆਇਆ ਤੇ 15 ਜੁਲਾਈ ਨੂੰ ਪਿੰਡ ਕੁੱਕੜਾਂ ਦੇ ਐਲੀਮੈਂਟਰੀ ਸਕੂਲ ਵਿੱਚ ਚੌਥੀ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪਾਠ-ਪੁਸਤਕਾਂ ਉਪਲਬਧ ਕਰਵਾ ਦਿੱਤੀਆਂ ਗਈਆਂ।
ਵਿਭਾਗ ਦੇ ਮੁਲਾਜ਼ਮਾਂ ਨੇ ਜਲਦੀ ਹੀ ਦੂਜੇ 8 ਸਕੂਲਾਂ ਨੂੰ ਪਾਠ-ਪੁਸਤਕਾਂ ਭੇਜਣ ਦਾ ਦਾਅਵਾ ਕੀਤਾ, ਪਰ ਇਕ ਹਫਤਾ ਗੁਜ਼ਰਨ ਪਿੱਛੋਂ ਵੀ ਹੋਰ ਪੁਸਤਕਾਂ ਨਾ ਭੇਜਣ ਕਾਰਨ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਵਿੱਚ ਵਾਧਾ ਹੋ ਗਿਆ। ਇਸ ਸਮੇਂ ਖੇਤਰ ਦੇ ਪਿੰਡ ਭਰੋਵਾਲ, ਪੱਖੋਵਾਲ, ਬੀਹੜਾਂ, ਹਿਆਤਪੁਰ, ਲਸਾੜਾ, ਹੇਲਰਾਂ, ਬੱਠਲਾਂ, ਜੀਵਨਪੁਰ-ਭਾਤਪੁਰ ਜੱਟਾਂ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ ਕਿਤਾਬਾਂ ਨਾ ਪੁੱਜਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਲਗਪਗ ਠੱਪ ਹੋ ਕੇ ਰਹਿ ਗਈ। ਇਨ੍ਹਾਂ ਸਕੂਲਾਂ ਵਿੱਚ ਲਗਪਗ 400 ਵਿਦਿਆਰਥੀ ਪੜ੍ਹ ਰਹੇ ਹਨ। ਇਹ ਵਿਦਿਆਰਥੀ ਤੀਸਰੀ, ਚੌਥੀ ਤੇ ਪੰਜਵੀਂ ਸ਼੍ਰੇਣੀ ਦੇ ਹਨ, ਜਿਹੜੇ ਕਿ ਅਪਰੈਲ ਤੋਂ ਕਿਤਾਬਾਂ ਦੀ ਸਪਲਾਈ ਨਾ ਹੋਣ ਕਾਰਨ ਪੜ੍ਹਾਈ ਤੋਂ ਵਾਂਝੇ ਹੋ ਕੇ ਰਹਿ ਗਏ ਹਨ। ਇਨ੍ਹਾਂ ਵਿਦਿਆਰਥੀਆਂ ਦੇ ਕੁੱਲ 7 ਵਿਸ਼ਿਆਂ ਦੀਆਂ ਪੁਸਤਕਾਂ ਦੀ ਸਪਲਾਈ ਨਾ ਹੋਣ ਕਰਕੇ ਅਗਸਤ ਮਹੀਨੇ ਸਿੱਖਿਆ ਵਿਭਾਗ ਵੱਲੋਂ ਲਏ ਜਾ ਰਹੇ ਛਿਮਾਹੀ ਇਮਤਿਹਾਨਾਂ ਦੀ ਤਿਆਰੀ ਵੀ ਠੱਪ ਹੋ ਗਈ ਹੈ।
ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਦੋ ਮਾਸਿਕ ਇਮਤਿਹਾਨ ਲਏ ਜਾ ਚੁੱਕੇ ਹਨ, ਜਦਕਿ ਛਿਮਾਹੀ ਇਮਤਿਹਾਨਾਂ ਦੀ ਤਿਆਰੀ ਲਈ ਸਿਰਫ਼ ਇਕ ਮਹੀਨਾ ਰਹਿ ਗਿਆ ਹੈ, ਪਰ 8 ਪਿੰਡਾਂ ਦੇ ਵਿਦਿਆਰਥੀ ਪਾਠ-ਪੁਸਤਕਾਂ ਤੋਂ ਅਜੇ ਵੀ ਵਾਂਝੇ ਹਨ।
ਇਸ ਸਬੰਧੀ ਪਿੰਡ ਬੀਹੜਾ ਤੋਂ ਐਂਟੀ ਕੁਰੱਪਸ਼ਨ ਸੰਸਥਾ ਦੇ ਜ਼ਿਲ੍ਹਾ ਪੱਧਰੀ ਆਗੂ ਸੁਖਵਿੰਦਰ ਸਿੰਘ ਸੰਧੂ, ਸਾਬਕਾ ਸਮਿਤੀ ਮੈਂਬਰ ਡਾ. ਕੇਵਲ ਨੇ ਕਿਹਾ ਕਿ ਇਕ ਪਾਸੇ ਸਰਕਾਰ ਮੁਫਤ ਤੇ ਲਾਜ਼ਮੀ ਸਿੱਖਿਆ ਅਧਿਕਾਰ ਕਾਨੂੰਨ ਲਾਗੂ ਕਰਨ ਦੇ ਦਾਅਵੇ ਕਰਦੀ ਹੈ ਤੇ ਅੱਜ-ਕੱਲ੍ਹ ਪ੍ਰਾਜੈਕਟ ‘ਪ੍ਰਵੇਸ਼’ ਜਿਹੀਆਂ ਯੋਜਨਾਵਾਂ ਦੁਆਰਾ ਸਿੱਖਿਆ ਪ੍ਰਦਾਨ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ 8-9 ਸਕੂਲਾਂ ਦੇ ਵਿਦਿਆਰਥੀ 5 ਮਹੀਨਿਆਂ ਤੋਂ ਪਾਠ-ਪੁਸਤਕਾਂ ਨਾ ਮਿਲਣ ਕਾਰਨ ਪੜ੍ਹਾਈ ਤੋਂ ਵਾਂਝੇ ਹੋ ਕੇ ਰਹਿ ਗਏ ਹਨ।
ਇਸ ਸਬੰਧੀ ਡੀਆਰਪੀ (ਪੁਸਤਕਾਂ) ਗੁਰਜੀਤ ਰਾਜਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਫੋਨ ਨਹੀਂ ਚੁੱਕਿਆ। ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਰਾਮ ਲਾਲ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਤੁਰੰਤ ਪੜਤਾਲ ਕਰਕੇ ਸਬੰਧਤ ਸਕੂਲਾਂ ਨੂੰ ਪਾਠ-ਪੁਸਤਕਾਂ ਦੀ ਸਪਲਾਈ ਯਕੀਨੀ ਬਣਾਉਣਗੇ।
No comments:
Post a Comment