www.sabblok.blogspot.com
ਪੰਜਾਬ ਸਰਕਾਰ ਵਿਰੁਧ ਅਰਥੀ ਫੂਕ ਮੁਜ਼ਾਹਰਾ ਕਰਦੇ ਹੋਏ ਮੁਲਾਜ਼ਮ |
ਤਲਵਾੜਾ, 27 ਜੁਲਾਈ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਫੈਡਰੇਸ਼ਨ ਦੀ ਸਥਾਨਕ ਇਕਾਈ ਦੇ ਝੰਡੇ ਹੇਠ ਤਲਵਾੜਾ ਤੇ ਹਾਜੀਪੁਰ ਦੇ ਸੈਂਕੜੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ।
ਰੋਸ ਮੁਜ਼ਾਹਰੇ ਦੀ ਅਗਵਾਈ ਬਲਾਕ ਪ੍ਰਧਾਨ ਸ਼ਸ਼ੀਕਾਂਤ, ਚੇਅਰਮੈਨ ਵਰਿੰਦਰ ਵਿੱਕੀ, ਸਕੱਤਰ ਰਾਜੀਵ ਸ਼ਰਮਾ ਨੇ ਕੀਤੀ। ਮੁਲਾਜ਼ਮਾਂ ਦੀ ਰੋਸ ਰੈਲੀ ਸਥਾਨਕ ਤਹਿਸੀਲ ਕੰਪਲੈਕਸ ਤੋਂ ਸ਼ੁਰੂ ਹੋ ਕੇ ਮੁੱਖ ਬੱਸ ਸਟੈਂਡ ਤੋਂ ਹੁੰਦੀ ਚੌਧਰੀ ਗਿਆਨ ਸਿੰਘ ਚੌਕ ਪਹੁੰਚੀ, ਜਿੱਥੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਆਪਣਾ ਰੋਸ ਪ੍ਰਗਟਾਵਾ ਕੀਤਾ।
ਇਸ ਮੁਜ਼ਾਹਰੇ ਨੂੰ ਜਸਵੀਰ ਤਲਵਾੜਾ, ਦੀਪਕ ਜਰਿਆਲ, ਸ਼ਿਵ ਕੁਮਾਰ, ਪ੍ਰਮੋਦ ਕੁਮਾਰ, ਦਵਿੰਦਰ ਰਾਣਾ, ਵਿਕਰਮ ਸਿੰਘ, ਸਰੋਜ ਕੁਮਾਰੀ, ਸੋਮਾ ਦੇਵੀ, ਦਵਿੰਦਰ ਸਿੰਘ, ਰਣਜੀਤ ਕੌਰ, ਕਿਰਨਾ ਦੇਵੀ ਆਦਿ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਠੇਕੇ ’ਤੇ ਰੱਖੇ ਮੁਲਾਜ਼ਮ ਪੱਕੇ ਕੀਤੇ ਜਾਣ, ਸੀ.ਐਸ.ਐਸ. ਅਧਿਆਪਕਾਂ ਨੂੰ ਪਿਛਲੇ 16 ਮਹੀਨਿਆਂ ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ, ਬਾਕੀ ਮੁਲਾਜ਼ਮਾਂ ਨੂੰ ਜੂਨ ਦੀ ਤਨਖ਼ਾਹ ਤੁਰੰਤ ਦਿੱਤੀ ਜਾਵੇ, ਡੀ.ਏ. ਦੀ ਕਿਸ਼ਤ ਨਕਦ ਜਾਰੀ ਕੀਤੀ ਜਾਵੇ, ਖਾਲੀ ਪਈਆਂ ਅਸਾਮੀਆਂ ’ਤੇ ਪੂਰੇ ਗ੍ਰੇਡ ’ਤੇ ਤੁਰੰਤ ਨਵੀਂ ਭਰਤੀ ਕੀਤੀ ਜਾਵੇ ਆਦਿ। ਬੁਲਾਰਿਆਂ ਨੇ ਨਵੀਂ ਪੈਨਸ਼ਨ ਸਕੀਮ ਵਿਰੁੱਧ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜ਼ਮ ਵਿਰੋਧੀ ਫੈਸਲਿਆਂ ਤੋਂ ਆਪਣੇ ਕਦਮ ਪਿੱਛੇ ਨਾ ਹਟਾਏ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਮਿਡ-ਡੇ-ਮੀਲ, ਜੰਗਲਾਤ, ਆਈ.ਟੀ.ਆਈਜ਼., ਅਧਿਆਪਕ, ਪੈਰਾ ਮੈਡੀਕਲ, ਫੀਲਡ ਐਂਡ ਵਰਕਸ਼ਾਪ ਆਦਿ ਵਰਕਰ ਮੌਜੂਦ ਸਨ।
No comments:
Post a Comment