www.sabblok.blogspot.com
ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਵਿਸ਼ੇਸ਼ ਮਾਡਲ ਸਕੂਲ ਸਬੰਧੀ ਅਧਿਕਾਰੀਆਂ ਤੇ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਦੇ ਹੋਏ (ਫੋਟੋ: ਭਿੰਡਰ)
ਪਟਿਆਲਾ, 27 ਜੁਲਾਈ
ਪੰਜਾਬ ਸਰਕਾਰ ਨੇ ਪਟਿਆਲਾ ਸਮੇਤ ਪੰਜਾਬ ਦੇ 6 ਜ਼ਿਲ੍ਹਿਆਂ ’ਚ ਪੇਂਡੂ ਇਲਾਕਿਆਂ ਦੇ ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਦੇ ਸਮਰੱਥ ਬਣਾਉਣ ਅਤੇ ਕਿੱਤਾਮੁਖੀ ਕਾਲਜਾਂ ਵਿੱਚ ਦਾਖਲਿਆਂ ਦੇ ਯੋਗ ਬਣਾਉਣ ਲਈ ਵਿਸ਼ੇਸ਼ ਮਾਡਲ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ।
ਸਰਕਾਰ ਦੇ ਇਸ ਫੈਸਲੇ ਤਹਿਤ ਪਟਿਆਲਾ ਵਿਖੇ ਖੋਲ੍ਹੇ ਜਾਣ ਵਾਲੇ ਅਜਿਹੇ ਹੀ ਵਿਸ਼ੇਸ਼ ਮਾਡਲ ਸਕੂਲ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸਿੱਖਿਆ ਮੰਤਰੀ ਨੇ ਦੱਸਿਆ ਕਿ ਪਟਿਆਲਾ-ਨਾਭਾ ਰੋਡ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਜ਼ਦੀਕ ਸਥਿਤ ਪਸ਼ੂ ਪਾਲਣ ਵਿਭਾਗ ਦੀ 41 ਏਕੜ ਜ਼ਮੀਨ ਵਿੱਚੋਂ 10 ਏਕੜ ਜ਼ਮੀਨ ਇਸ ਸਕੂਲ ਦੀ ਸਥਾਪਨਾ ਲਈ ਢੁੱਕਵੀਂ ਪਾਈ ਗਈ ਹੈ। ਪਸ਼ੂ ਪਾਲਣ ਵਿਭਾਗ ਨੂੰ ਇਸ ਦੇ ਬਦਲੇ ਪਸ਼ੂ ਚਾਰੇ ਲਈ ਹੋਰ ਕਿਧਰੇ ਜ਼ਮੀਨ ਮੁਹੱਈਆ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੇਂਡੂ ਇਲਾਕਿਆਂ ਦੇ ਸਰਕਾਰੀ ਸਕੂਲਾਂ ’ਚ 10ਵੀਂ ਜਮਾਤ ’ਚੋਂ 80 ਫੀਸਦੀ ਜਾਂ ਇਸ ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਲਈ ਸਥਾਪਤ ਹੋਣ ਵਾਲੇ ਵਿਸ਼ੇਸ਼ ਮਾਡਲ ਸਕੂਲਾਂ ਦੀ ਸਥਾਪਨਾ ’ਤੇ ਕਰੀਬ 10 ਕਰੋੜ ਰੁਪਏ ਖ਼ਰਚ ਹੋਣਗੇ। ਇਨ੍ਹਾਂ ਸਕੂਲਾਂ ਵਿੱਚ ਕਲਾਸ ਰੂਮਜ਼ ਤੋਂ ਇਲਾਵਾ ਬੱਚਿਆਂ ਤੇ ਸਟਾਫ ਲਈ ਰਿਹਾਇਸ਼, ਖੇਡ ਮੈਦਾਨ, ਲਾਇਬ੍ਰੇਰੀ, ਕੰਪਿਊਟਰ ਲੈਬ ਤੇ ਲੈਬਾਰਟਰੀ ਸਮੇਤ ਹੋਰ ਆਧੁਨਿਕ ਸਾਜੋ ਸਮਾਜ ਮੁਹੱਈਆ ਕਰਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਗਲੇ ਵਿਦਿਅਕ ਸੈਸ਼ਨ ਤੋਂ ਪਹਿਲਾਂ ਇਹ ਮਾਡਲ ਸਕੂਲ ਸਥਾਪਤ ਕਰਨ ਦੀ ਯੋਜਨਾ ਹੈ ਤਾਂ ਜੋ ਇਸ ਦਾ ਲਾਭ ਲੋੜਵੰਦ ਵਿਦਿਆਰਥੀਆਂ ਨੂੰ ਪ੍ਰਾਪਤ ਹੋ ਸਕੇ। ਜਿਹੜੇ ਜ਼ਿਲ੍ਹਿਆਂ ’ਚ ਇਹ ਸਕੂਲ ਖੋਲ੍ਹੇ ਜਾਣਗੇ ਉਨ੍ਹਾਂ ਜ਼ਿਲ੍ਹਿਆਂ ਦੇ ਨਾਲ ਲੱਗਦੇ ਜ਼ਿਲ੍ਹਿਆਂ ’ਚੋਂ ਵੀ ਹੋਣਹਾਰ ਵਿਦਿਆਰਥੀ ਇਨ੍ਹਾਂ ਸਕੂਲਾਂ ’ਚ ਦਾਖਲਾ ਲੈ ਸਕਣਗੇ।
4 ਅਗਸਤ ਨੂੰ ਸਰਹਿੰਦ ਰੋਡ ’ਤੇ ਸਥਿਤ ਅਨਾਜ ਮੰਡੀ ਵਿਖੇ ਸਰਪੰਚਾਂ ਤੇ ਪੰਚਾਂ ਦੇ ਸਹੁੰ ਚੁੱਕ ਸਮਾਗਮ ਸਬੰਧੀ ਸ੍ਰੀ ਰੱਖੜਾ ਨੇ ਦੱਸਿਆ ਕਿ ਇਸ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਸ੍ਰੀ ਰੱਖੜਾ ਤੇ ਮਲੂਕਾ ਨੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ। ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਮੇਤ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਚੋਣ ਬਾਰੇ ਵੀ ਸਿੱਖਿਆ ਮੰਤਰੀ ਨੇ ਸ੍ਰੀ ਰੱਖੜਾ ਤੇ ਹੋਰਨਾਂ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਜੀ.ਕੇ. ਸਿੰਘ ਤੋਂ ਇਲਾਵਾ ਘਨੌਰ ਦੀ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ, ਅਜਾਇਬ ਸਿੰਘ ਮੁਖਮੈਲਪੁਰ ਤੇ ਹਰਮੇਲ ਸਿੰਘ ਟੌਹੜਾ, ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤਜਿੰਦਰਪਾਲ ਸਿੰਘ ਸੰਧੂ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਰਾਜ ਖੁਰਾਨਾ, ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਇੰਦਰਮੋਹਨ ਸਿੰਘ ਬਜਾਜ, ਦਿਹਾਤੀ ਪ੍ਰਧਾਨ ਫੌਜਇੰਦਰ ਸਿੰਘ ਮੁਖਮੈਲਪੁਰ ਤੇ ਮੱਖਣ ਸਿੰਘ ਲਾਲਕਾ ਤੋਂ ਇਲਾਵਾ ਹੋਰ ਅਧਿਕਾਰੀ ਤੇ ਆਗੂ ਵੀ ਹਾਜ਼ਰ ਸਨ।
No comments:
Post a Comment