www.sabblok.blogspot.com
ਤਲਵਾੜਾ, 27 ਜੁਲਾਈ
ਸਥਾਨਕ ਸਰਕਾਰੀ ਆਰਟਸ ਤੇ ਸਾਇੰਸ ਕਾਲਜ ’ਚ ਅਧਿਆਪਕਾਂ ਦੀ ਘਾਟ ਕਾਰਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਬੀ ਏ/ਬੀਐਸ ਸੀ/ ਬੀ ਕਾਮ ਭਾਗ ਪਹਿਲਾ ’ਚ ਦਾਖਲਾ ਸੀਟਾਂ ’ਚ ਕੀਤੀ ਕਟੌਤੀ ਕਾਰਨ ਜਿੱਥੇ ਕੰਢੀ ਇਲਾਕੇ ਦੇ ਗਰੀਬ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਗਏ ਹਨ, ਉੱਥੇ ਹੀ ਪੰਜਾਬ ਸਰਕਾਰ ਦੀ ਉੱਚ ਸਿੱਖਿਆ ਪ੍ਰਤੀ ਸੁਹਿਰਦਤਾ ਅਤੇ ਲੜਕੀਆਂ ਨੂੰ ਉੱਚ ਸਿੱਖਿਆ ਦੇਣ ਦੇ ਦਾਅਵਿਆਂ ਦੀ ਫ਼ੂਕ ਵੀ ਨਿਕਲ ਗਈ ਹੈ, ਉਸ ਦੇ ਨਾਲ ਹੀ ਸਥਾਨਕ ਸਰਕਾਰੀ ਕਾਲਜ ਵਿੱਚ ਕੰਢੀ ਦੇ ਸੈਂਕੜੇ ਵਿਦਿਆਰਥੀਆਂ ਨੂੰ ਦਾਖਲਾ ਨਾ ਮਿਲਣ ਕਾਰਨ ਸਿਆਸਤ ਵੀ ਤੇਜ਼ ਹੋ ਗਈ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਰਕਾਰੀ ਕਾਲਜ ਤਲਵਾੜਾ ’ਚ ਦਾਖਲਾ
ਸੀਟਾਂ ਘਟਾਉਣ ਕਾਰਨ ਜਿੱਥੇ ਇਸ ਸਾਲ ਕਾਲਜ ਵਿੱਚ 64 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਵੀ ਦਾਖਲਾ ਲੈਣ ਤੋਂ ਰਹਿ ਗਏ ਹਨ ਉੱਥੇ ਹੀ ਕਾਲਜ ਵਿੱਚ ਦਾਖਲਾ ਨਾ ਮਿਲਣ ਕਾਰਨ ਭੜਕੇ ਵਿਦਿਆਰਥੀਆਂ ਨੇ ਬੀਤੇ ਸੋਮਵਾਰ ਤਲਵਾੜਾ-ਮੁਕੇਰੀਆਂ ਮੁੱਖ ਸੜਕ ਮਾਰਗ ’ਤੇ ਚੱਕਾ ਜਾਮ ਕਰਕੇ ਪੁਲੀਸ ਪ੍ਰਸ਼ਾਸਨ ਨੂੰ ਭਾਜੜਾਂ ਪਾ ਦਿੱਤੀਆਂ ਸਨ। ਉਨ੍ਹਾਂ ਦਾਖਲਾ ਨਾ ਮਿਲਣ ਦੀ ਸੁੂਰਤ ’ਚ ਆਉਣ ਵਾਲੇ ਸਮੇਂ ’ਚ ਸਰਕਾਰ ਵਿਰੁੱਧ ਸੰਘਰਸ਼ ਕਰਨ ਦਾ ਐਲਾਨ ਕੀਤਾ। ਉੱਧਰ ਵਿਦਿਆਰਥੀਆਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਭਾਵੇਂ ਕਾਲਜ ਪ੍ਰਿੰਸੀਪਲ ਗੁਰਪਾਲ ਸਿੰਘ ਜੋੜਾ ਨੇ ਆਪਣੇ ਤੌਰ ’ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬੀਏ ਭਾਗ ਪਹਿਲਾ ’ਚ 50 ਸੀਟਾਂ ਦਾ ਵਾਧਾ ਕਰ ਦਾਖਲਾ ਸ਼ੁਰੂ ਕਰ ਦਿੱਤਾ ਪਰ ਕਾਲਜ ਪ੍ਰਸ਼ਾਸਨ ਵੱਲੋਂ ਪਿਛਲੇ ਵਿਦਿਅਕ ਸਾਲ ’ਚ ਬੀ ਏ ਭਾਗ ਪਹਿਲਾ ਵਿੱਚ ਹੀ 590 ਦੇ ਕਰੀਬ ਵਿਦਿਆਰਥੀ ਦਾਖਲ ਕੀਤੇ ਜਾਣ ਕਾਰਨ ਇਸ ਸਾਲ ਵਿਦਿਆਰਥੀ 600 ਤੋਂ ਵੱਧ ਸੀਟਾਂ ਇਕੱਲੀਆਂ ਬੀਏ ਭਾਗ ਪਹਿਲਾ ਵਿੱਚ ਹੀ ਵਿਦਿਆਰਥੀਆਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਭਰਨ ਦੀ ਮੰਗ ਕਰ ਰਹੇ ਹਨ। ਜਦਕਿ ਕਾਲਜ ਵਿੱਚ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਪੋਸਟਾਂ ਦੀ ਗਿਣਤੀ ਮੁਤਾਬਕ 240 ਦਾਖਲਾ ਸੀਟਾਂ ਬਣਦੀਆਂ ਹਨ। ਪਰ ਇਸ ਸਾਲ ਸਰਕਾਰੀ ਕਾਲਜ ਤਲਵਾੜਾ ਵਿਖੇ ਬੀ ਏ ਭਾਗ ਪਹਿਲਾ ਵਿੱਚ ਹੀ ਦਾਖਲਾ ਲੈਣ ਲਈ 1100 ਤੋਂ ਵੀ ਵੱਧ ਬਿਨੈ ਪੱਤਰ ਆਏ ਹੋਣ ਕਾਰਨ ਸਿਰਫ 450 ਵਿਦਿਆਰਥੀਆਂ ਨੂੰ ਹੀ ਕਾਲਜ ਵਿੱਚ ਦਾਖਲਾ ਮਿਲਣ ਕਾਰਨ ਰਹਿੰਦੇ ਸੈਂਕੜੇ ਗਰੀਬ ਘਰਾਂ ਦੇ ਬੱਚੇ ਉੱਚ ਸਿੱਖਿਆ ਲੈਣ ਤੋਂ ਵਿਰਵੇ ਹੋ ਗਏ ਹਨ। ਸੂਬਾ ਸਰਕਾਰ ਵੱਲੋਂ ਕਾਲਜ ਵਿੱਚ ਮਨਜ਼ੂਰਸ਼ੁਦਾ 36 ਅਧਿਆਪਕਾਂ ਦੀਆਂ ਅਸਾਮੀਆਂ ਜਿਨ੍ਹਾਂ ਵਿੱਚੋਂ 12 ਦੇ ਕਰੀਬ ਹੀ ਅਸਾਮੀਆਂ ’ਤੇ ਰੈਗੁਲਰ ਅਧਿਆਪਕ ਕੰਮ ਕਰ ਰਹੇ ਹਨ, ਪਿਛਲੇ ਲੰਮੇ ਸਮੇਂ ਤੋਂ ਨਾ ਭਰੇ ਜਾਣ ਕਾਰਨ ਇਹ ਸਥਿਤੀ ਬਣੀ ਹੈ। ਕਾਲਜ ਪ੍ਰਿੰਸੀਪਲ ਗੁਰਪਾਲ ਸਿੰਘ ਜੋੜਾ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਸ ਸਾਲ ਵੀ ਕਾਲਜ ਪ੍ਰਸ਼ਾਸਨ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਹਦਾਇਤਾਂ ਤੋਂ ਵੱਧ ਦਾਖਲਾ ਬੀਏ ਭਾਗ ਪਹਿਲਾ ਵਿੱਚ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਤਲਵਾੜਾ ’ਚ ਸਟਾਫ ਦੀ ਘਾਟ ਤੇ ਨਵੇਂ ਕੋਰਸਾਂ ਸਬੰਧੀ ਸਿੱਖਿਆ ਸਕੱਤਰ ਪੰਜਾਬ, ਉੱਚ ਸਿੱਖਿਆ ਵਿਭਾਗ ਪੰਜਾਬ, ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਨੂੰ ਕਈ ਵਾਰ ਲਿਖ ਕੇ ਭੇਜਿਆ ਗਿਆ ਹੈ।
ਜਦੋਂ ਇਸ ਸਬੰਧੀ ਹਲਕਾ ਦਸੂਹਾ ਦੀ ਵਿਧਾਇਕਾ ਬੀਬੀ ਸੁਖਜੀਤ ਕੌਰ ਸਾਹੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਮੌਜੂਦਾ ਹਾਲਾਤ ਨਾਲ ਸਿੱਜਣ ਲਈ ਭਲਕੇ ਤਲਵਾੜਾ ਦੇ ਕੁਝ ਮੋਹਤਬਰਾਂ ਦੇ ਵਫਦ ਨਾਲ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨੂੰ ਮਿਲਣ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਕੰਢੀ ਦੇ ਵਿਦਿਆਰਥੀਆਂ ਦਾ ਭਵਿੱਖ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ।
No comments:
Post a Comment