ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ ਹੈਲੀਕਾਪਟਰ ਅਤੇ ਲਗਜ਼ਰੀ ਗੱਡੀਆਂ ਖਰੀਦਣ ਦੇ ਮਾਮਲੇ 'ਤੇ ਚੱਲ ਰਹੇ ਸਿਆਸੀ ਘਮਸਾਣ ਦਰਮਿਆਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਆਪਣੇ ਪੁਰਾਣੇ ਅੰਦਾਜ਼ 'ਚ ਚੁਟਕੀ ਲਈ। ਬਾਦਲ ਨੇ ਕਿਹਾ ਕਿ ਕਾਂਗਰਸ ਇਸ ਮੁੱਦੇ 'ਤੇ ਸਿਆਸਤ ਕਰ ਰਹੀ ਹੈ ਅਤੇ ਹੈਲੀਕਾਪਟਰ ਖਰੀਦਣ ਨਾਲ ਸਰਕਾਰ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ। ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਹੈਲੀਕਾਪਟਰ ਪੁਰਾਣਾ ਹੈ ਅਤੇ ਕਿਰਾਏ 'ਤੇ ਹੈ ਅਤੇ ਇਸ ਦਾ ਕਿਰਾਇਆ ਨਵੇਂ ਹੈਲੀਕਾਪਟਰ ਦੀ ਕਿਸ਼ਤ ਨਾਲੋਂ ਵੱਧ ਹੈ।
ਬਾਦਲ ਨੇ ਕਿਹਾ ਕਿ ਹੋਰ ਸੂਬਿਆਂ ਕੋਲ ਵੀ 2-2 ਹੈਲੀਕਾਪਟਰ ਹਨ ਅਤੇ ਸਰਕਾਰੀ ਕੰਮਾਂ ਲਈ ਰਾਜ ਸਰਕਾਰ ਕੋਲ ਅਜਿਹੀ ਸਹੂਲਤ ਹੋਣਾ ਜ਼ਰੂਰੀ ਹੈ ਲਿਹਾਜ਼ਾ ਇਸ 'ਤੇ ਵਿਵਾਦ ਖੜ੍ਹਾ ਕਰਨਾ ਜਾਇਜ਼ ਨਹੀਂ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਨਵਾਂ ਹੈਲੀਕਾਪਟਰ ਅਤੇ ਲਗਜ਼ਰੀ ਗੱਡੀਆਂ ਖਰੀਦੇ ਜਾਣ ਦੇ ਫੈਸਲੇ 'ਤੇ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਅਕਾਲੀ ਦਲ ਖਿਲਾਫ ਸਿਆਸੀ ਬੰਦੂਕਾਂ ਤਾਣੀਆਂ ਹੋਈਆਂ ਹਨ। ਕਾਂਗਰਸ ਦਾ ਦੋਸ਼ ਹੈ ਕਿ ਸੂਬੇ ਦੀ ਖਰਾਬ ਹੁੰਦੀ ਵਿੱਤੀ ਹਾਲਤ ਵਿਚਕਾਰ ਅਜਿਹੇ ਫਾਲਤੂ ਖਰਚੇ ਸੂਬੇ 'ਤੇ ਹੋਰ ਫਾਲਤੂ ਬੋਝ ਪਾਉਣਗੇ।