jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 July 2013

ਨੌਂ ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀ ਕਿਤਾਬਾਂ ਤੋਂ ਵਾਂਝੇ

www.sabblok.blogspot.com

ਪੱਤਰ ਪ੍ਰੇਰਕ
ਗੜ੍ਹਸ਼ੰਕਰ, 12 ਜੁਲਾਈ
ਸਿੱਖਿਆ ਵਿਭਾਗ (ਪੰਜਾਬ) ਅਤੇ ਜ਼ਿਲ੍ਹਾ ਪ੍ਰੀਸ਼ਦ ਅਧੀਨ ਪੈਂਦੇ ਪਿੰਡ ਭਰੋਵਾਲ ਸੈਂਟਰ ਦੇ 9 ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਢੁੱਕਵੇਂ ਰੂਪ ਵਿੱਚ ਪਾਠ-ਪੁਸਤਕਾਂ ਦੀ ਸਪਲਾਈ ਨਾ ਕੀਤੇ ਜਾਣ ਕਰਕੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਪਿੰਡਾਂ ਵਿੱਚ ਭਰੋਵਾਲ, ਕੁੱਕੜਾਂ, ਪੱਖੋਵਾਲ, ਬੀਹੜਾਂ, ਹਿਆਤਪੁਰ, ਲਸਾੜਾ, ਹੇਲਰਾਂ, ਬੱਠਲਾਂ, ਜੀਵਨਪੁਰ ਜੱਟਾਂ ਅਤੇ ਭਾਤਪੁਰ ਜੱਟਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਸ਼ਾਮਲ ਹਨ। ਇਨ੍ਹਾਂ ਵਿੱਚ ਪੜ੍ਹਦੇ 400 ਤੋਂ ਵੱਧ ਬੱਚੇ ਵਿਭਾਗ ਵੱਲੋਂ ਭੇਜੀਆਂ ਜਾਣ ਵਾਲੀਆਂ ਕਿਤਾਬਾਂ ਤੋਂ ਵਾਂਝੇ ਹਨ। ਕਿਤਾਬਾਂ ਦੇ ਇਕ ਸੈੱਟ ਸਕੂਲਾਂ ਵਿਖੇ ਆਉਣ ਤੋਂ ਬਾਅਦ ਵਿਭਾਗ ਨੇ ਦੂਜੇ ਸੈੱਟ ਦੀ ਸਪਲਾਈ ਹੀ ਨਹੀਂ ਕੀਤੀ ਜਦਕਿ ਚੌਥੀ ਅਤੇ ਪੰਜਵੀਂ ਸ਼੍ਰੇਣੀ ਦੇ ਕੁੱਲ ਸੱਤ ਵਿਸ਼ਿਆਂ ਵਿੱਚੋਂ ਕਿਸੇ ਵੀ ਵਿਸ਼ੇ ਦੀ ਕਿਤਾਬ ਜਾਰੀ ਨਾ ਕਰਨ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।
ਪੰਜਾਬ ਸਰਕਾਰ ਦੇ ਸਮਾਜ ਭਲਾਈ ਵਿਭਾਗ ਅਤੇ ਸਰਵ ਸਿੱਖਿਆ ਅਭਿਆਨ ਅਥਾਰਟੀ (ਪੰਜਾਬ) ਵੱਲੋਂ ਵੱਖ-ਵੱਖ ਸ਼੍ਰੇਣੀ ਵਰਗ ਦੇ ਵਿਦਿਆਰਥੀਆਂ ਨੂੰ ਹਰ ਸੈਸ਼ਨ ਦੇ ਆਰੰਭ ਵਿੱਚ ਲੋੜ ਮੁਤਾਬਕ ਕਿਤਾਬਾਂ ਦੀ ਸਪਲਾਈ ਕੀਤੀ ਜਾਂਦੀ ਹੈ। ਇਹ ਸਪਲਾਈ ਸਕੂਲਾਂ ਵਿੱਚ ਲਏ ਜਾਂਦੇ ਦੋ ਮਾਸਿਕ, ਛਿਮਾਹੀ ਤੇ ਸਾਲਾਨਾ ਇਮਤਿਹਾਨਾਂ ਤੋਂ ਕਾਫੀ ਸਮਾਂ ਪਹਿਲਾਂ ਕੀਤੀ ਜਾਂਦੀ ਹੈ। ਇਸ ਵਾਰ ਵੀ ਬਲਾਕ ਗੜ੍ਹਸ਼ੰਕਰ ਇਕ ਅਤੇ ਦੋ ਦੇ ਸਕੂਲਾਂ ਵਿੱਚ ਕਿਤਾਬਾਂ ਦੀ ਵਿਸ਼ੇਸ਼ ਸਪਲਾਈ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ ਸੀ ਪਰ ਭਰੋਵਾਲ ਸੈਂਟਰ ਦੇ 9 ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਭਾਗ ਨੇ ਕਿਤਾਬਾਂ ਦੇ ਕੁਝ ਸੈੱਟ ਭੇਜ ਦਿੱਤੇ ਜਦਕਿ ਬਾਕੀ ਸੈੱਟ ਪਿੱਛੋਂ ਵੀ ਨਹੀਂ ਆਏ।
ਪ੍ਰਾਪਤ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਸੈਂਟਰ ਦੇ ਕਰੀਬ 400 ਵਿਦਿਆਰਥੀਆਂ ਨੂੰ ਤੀਜੀ ਸ਼੍ਰੇਣੀ ਦੀਆਂ ਪੁਸਤਕਾਂ ਦੇ ਚਾਰ ਸੈੱਟਾਂ ਵਿੱਚੋਂ ਸਿਰਫ ਦੋ ਸੈੱਟ ਹੀ ਮਿਲ ਸਕੇ ਹਨ। ਚੌਥੀ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਵਾਤਾਵਰਨ, ਅੰਗਰੇਜ਼ੀ ਤੇ ਹਿਸਾਬ ਦੀਆਂ ਪੁਸਤਕਾਂ ਦੀ ਸਪਲਾਈ ਨਹੀਂ ਹੋਈ ਜਦਕਿ ਪੰਜਵੀਂ ਸ਼੍ਰੇਣੀ ਦੇ ਵਿਦਿਆਰਥੀ ਹਿਸਾਬ ਤੇ ਪੰਜਾਬੀ ਭਾਸ਼ਾ ਦੀਆਂ ਕਿਤਾਬਾਂ ਤੋਂ ਵਾਂਝੇ ਹਨ। ਦੂਜੀ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਵੀ ਕਿਤਾਬਾਂ ਦੀ ਪੂਰੀ ਸਪਲਾਈ ਨਹੀਂ ਹੋ ਸਕੀ।
ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਐਲੀਮੈਂਟਰੀ ਸਕੂਲਾਂ ਦੇ ਪਹਿਲੇ ਦੋ ਮਾਸਿਕ ਇਮਤਿਹਾਨ ਮਈ ਵਿੱਚ ਲਏ ਜਾ ਚੁੱਕੇ ਹਨ ਜਦਕਿ ਅਗਲੇ ਇਮਤਿਹਾਨ ਅਗਸਤ-ਸਤੰਬਰ ਵਿੱਚ ਹੋ ਰਹੇ ਹਨ। ਅਧਿਆਪਕਾਂ ਅਨੁਸਾਰ ਇਸ ਸਬੰਧੀ ਵਿਭਾਗ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ। ਇਹ ਹੀ ਨਹੀਂ ਭਰਤਪੁਰ ਜੱਟਾਂ ਦੇ ਸਕੂਲ ’ਚ ਕੋਈ ਅਧਿਆਪਕ ਨਹੀਂ ਹੈ। ਜੀਵਨਪੁਰ ਜੱਟਾਂ ਵਿਖੇ ਸਰਵਿਸ ਪ੍ਰੋਵਾਈਡਰ ਕੰਮ ਚਲਾ ਰਿਹਾ ਹੈ। ਹੇਲਰਾਂ ਪਿੰਡ ਦੇ 50 ਬੱਚਿਆਂ ਨੂੰ ਇਕ ਅਧਿਆਪਕ ਪੜ੍ਹਾ ਰਿਹਾ ਹੈ।
ਲੋਕਾਂ ਨੇ ਸਰਕਾਰ ਨੂੰ ਅਪੀਲ ਕਰਕੇ ਇਨ੍ਹਾਂ ਪਿੰਡਾਂ ਵਿੱਚ ਅਧਿਆਪਕਾਂ ਨੂੰ ਭੇਜਣ ਤੇ ਪੁਸਤਕਾਂ ਦੀ ਸਪਲਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਜ਼ਿਲ੍ਹਾ ਪੱਧਰ ’ਤੇ ਪਾਠ ਪੁਸਤਕਾਂ ਦੀ ਸਪਲਾਈ ਕਰਦੇ ਡੀਆਰਪੀ (ਐਲੀਮੈਂਟਰੀ) ਸੁਰਜੀਤ ਰਾਜਾ ਨੇ ਕਿਹਾ ਕਿ ਕਈ ਸਕੂਲਾਂ ਵਿੱਚ ਕਿਤਾਬਾਂ ਦੀ ਮੰਗ ਦੇ ਮੁਕਾਬਲੇ ਸਪਲਾਈ ਘੱਟ ਜਾਂਦੀ ਹੈ ਜਿਸ ਕਰਕੇ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਸਕੂਲਾਂ ਵਿੱਚ ਕਿਤਾਬਾਂ ਦੀ ਸਪਲਾਈ ਕਰ ਦਿੱਤੀ ਜਾਵੇਗੀ।

No comments: