•  ਅਨ-ਅਪਰੂਵਡ ਕਾਲੋਨੀਆਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਦੀ ਸਖਤ ਸ਼ਬਦਾਂ 'ਚ ਕੀਤੀ ਨਿੰਦਾ * 
  •  ਝੂਠੇ ਚੋਣ ਵਾਅਦਿਆਂ ਤੋਂ ਦੁਖੀ ਜਨਤਾ ਹੋ ਰਹੀ ਹੈ ਖੁਦਕੁਸ਼ੀ ਕਰਨ ਨੂੰ ਮਜਬੂਰ
ਜਲੰਧਰ —ਅਕਾਲੀ ਭਾਜਪਾ ਗਠਜੋੜ ਦੇ ਸ਼ਾਸਨ ਕਾਲ 'ਚ ਪੰਜਾਬੀ ਸਿਆਸਤ ਅੱਤਵਾਦ ਦੇ ਦੌਰ 'ਚੋਂ ਲੰਘ ਰਹੀ ਹੈ। ਉਕਤ ਸ਼ਬਦ ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਰਤਾਰਪੁਰ 'ਚ ਪੰਜਾਬ ਇੰਡਸਟਰੀ ਐਂਡ ਟਰੇਡ ਸੈੱਲ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਤੇ ਯੂਥ ਕਾਂਗਰਸ ਜਲੰਧਰ  ਲੋਕ  ਸਭਾ ਹਲਕੇ ਦੇ ਪ੍ਰਧਾਨ ਕਾਕੂ ਆਹਲੂਵਾਲੀਆ ਦੇ ਦਫਤਰ 'ਚ ਰੱਖੇ  ਸਮਾਗਮ  ਦੌਰਾਨ  ਪੱਤਰਕਾਰਾਂ ਨਾਲ  ਗੱਲਬਾਤ ਦੌਰਾਨ ਕਹੇ। ਬਾਜਵਾ ਨੇ ਅਨ-ਅਪਰੂਵਡ ਕਾਲੋਨੀਆਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ ਕਿ ਬਾਦਲ ਸਰਕਾਰ ਵਲੋਂ ਬਣਾਈ ਹਰ ਪਾਲਿਸੀ ਜਨ ਵਿਰੋਧੀ ਸਾਬਤ ਹੋਈ ਹੈ। ਬਾਜਵਾ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਸਿੱਧੇ ਹੱਥ ਲੈਂਦਿਆਂ ਦੋਸ਼ ਲਗਾਇਆ ਕਿ ਪੰਜਾਬ ਭਰ 'ਚ ਬਣੀਆਂ ਕਾਲੋਨੀਆਂ 'ਚ ਸੁਖਬੀਰ ਦੀ 30 ਫੀਸਦੀ ਬੇਨਾਮੀ ਹਿੱਸੇਦਾਰੀ ਹੈ ਅਤੇ ਗਿਣੇ-ਮਿੱਥੇ ਢੰਗ ਨਾਲ ਸਾਰਾ ਕੰਮ ਹਰੇਕ ਸ਼ਹਿਰ ਨਾਲ ਜੁੜੇ ਇਕ ਵੱਡੇ ਬਿਲਡਰ ਰਾਹੀਂ ਹੁੰਦਾ ਹੈ ਅਤੇ ਉਕਤ ਬਿਲਡਰ ਵਲੋਂ ਸੀ. ਐੱਲ. ਯੂ. ਅਤੇ ਹੋਰਨਾਂ ਕੇਸਾਂ ਦੀਆਂ ਫਾਈਲਾਂ ਕਲੀਅਰ ਕਰਕੇ ਮੋਟੀ ਰਕਮਇਕੱਠੀ ਕੀਤੀ ਜਾਂਦੀ ਸੀ ਪਰ ਕਾਲੋਨਾਈਜ਼ਰਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਕਦੇ ਬਾਦਲ ਸਰਕਾਰ ਵਿਰੁੱਧ ਸੜਕਾਂ 'ਤੇ ਉਤਰਨਾ ਪਵੇਗਾ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੇ ਨੁਮਾਇੰਦਿਆਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ 2012 ਦੀਆਂ ਚੋਣਾਂ 'ਚ ਮੁੜ ਸੱਤਾ ਹਾਸਲ ਕਰ ਲੈਣਗੇ। ਇਸ ਲਈ ਬੀਤੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਦੇ ਖਜ਼ਾਨੇ 'ਚ ਲੁੱਟ-ਖਸੁੱਟ  ਕੀਤੀ ਤਾਂ ਕਿ ਕਾਂਗਰਸ ਸਰਕਾਰ ਕੋਲ ਡਿਵੈਲਪਮੈਂਟ ਲਈ ਪੈਸਾ ਨਾ ਰਹੇ ਪਰ ਹੁਣ ਕਾਂਗਰਸ ਲਈ ਖੋਦੇ ਗਏ ਗੱਡੇ 'ਚ ਖੁਦ ਬਾਦਲ ਸਰਕਾਰ ਡਿੱਗ ਗਈ ਹੈ। ਬੀਤੀ ਐਮਰਜੈਂਸੀ ਕਗਾਰ 'ਤੇ ਖੜ੍ਹੀ ਪੰਜਾਬ ਸਰਕਾਰ ਦੀ ਸਾਲਾਨਾ ਆਮਦਨੀ 30000 ਕਰੋੜ ਅਤੇ ਖਰਚਾ 42000 ਕਰੋੜ ਰੁਪਏ ਹੈ ਅਤੇ 12000 ਕਰੋੜ ਦੇ ਸਾਲਾਨਾ ਨੁਕਸਾਨ ਨਾਲ ਪੰਜਾਬ 'ਤੇ ਚੜ੍ਹਿਆ ਕਰਜ਼ਾ ਵਧ ਕੇ 1 ਲੱਖ ਕਰੋੜ ਰੁਪਏ ਤਕ ਜਾ ਪਹੁੰਚਿਆ ਹੈ। ਬਾਜਵਾ ਨੇ ਕਿਹਾ ਕਿ ਬੀਤੀਆਂ ਚੋਣਾਂ 'ਚ ਝੂਠੇ ਤੇ ਲੁਭਾਵਣੇ ਵਾਅਦਿਆਂ ਦੇ ਦਮ 'ਤੇ ਸੱਤਾ ਹਾਸਲ ਕਰਨ ਵਾਲੀ ਸਰਕਾਰ ਨੇ ਆਪਣਾ ਇਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਹੈ। ਸੂਬੇ 'ਚ 65 ਲੱਖ ਨੌਜਵਾਨ ਰੋਜ਼ਗਾਰ ਤੇ 1000 ਰੁਪਏ ਮਾਸਿਕ ਬੇਰੋਜ਼ਗਾਰੀ ਭੱਤੇ ਦੀ ਰਾਹ ਵੇਖ ਰਹੇ ਹਨ। ਇਸ ਤੋਂ ਇਲਾਵਾ 15000 ਤੋਂ ਵਧਾ ਕੇ 31000 ਰੁਪਏੇ ਸ਼ਗਨ ਸਕੀਮ ਦੇ ਵਾਅਦੇ ਦੀ ਫੂਕ ਨਿਕਲ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਬੀਤੇ 3 ਸਾਲਾਂ 'ਚ 80 ਹਜ਼ਾਰ ਦਲਿਤ ਲੜਕੀਆਂ ਦੇ ਸ਼ਗਨ ਸਕੀਮ ਦੇ ਕੇਸ ਸਰਕਾਰ ਦੇ ਕੋਲ ਪੈਂਡਿੰਗ  ਪਏ ਹਨ। ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ 250 ਤੋਂ ਵਧਾ ਕੇ 500 ਕਰਨਾ ਤਾਂ ਦੂਰ, ਬੀਤੇ ਸਾਲ ਤੋਂ ਉਹ ਵੀ ਬੰਦ ਹੈ। ਉਨ੍ਹਾਂ ਕਿਹਾ ਕਿ ਸਰਕਾਰ  ਦੇ ਝੂਠੇ ਵਾਅਦਿਆਂ ਤੋਂ ਦੁਖੀ ਲੋਕ ਖੁਦਕੁਸ਼ੀ ਕਰਨ ਨੂੰ ਮਜਬੂਰ ਹੋ ਰਹੇ ਹਨ। ਬਾਜਵਾ ਨੇ ਕਿਹਾ ਕਿ ਹਿਮਾਚਲ, ਹਰਿਆਣਾ, ਦਿੱਲੀ, ਰਾਜਸਥਾਨ ਸਮੇਤ ਹੋਰਨਾਂ ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ ਸਰਕਾਰ ਨੂੰ ਵੈਟ ਦੀ ਆਮਦਨੀ 'ਚ ਸੁਧਾਰ ਹੋਇਆ ਹੈ। ਇਸ ਦੇ ਬਾਵਜੂਦ  ਸੁਖਬੀਰ  ਨੇ  ਵਿਭਾਗ ਨੂੰ 20 ਫੀਸਦੀ ਆਮਦਨੀ ਵਧਾਉਣਾ ਦਾ ਟੀਚਾ ਦੇ ਦਿੱਤਾ ਹੈ ਜਿਸ ਦਾ ਨਤੀਜਾ ਅਫਸਰਸ਼ਾਹੀ ਛੋਟੇ-ਛੋਟੇ ਦੁਕਾਨਦਾਰਾਂ 'ਤੇ ਵੀ ਰੇਡ ਕਰਨ ਲੱਗੀ ਹੈ। ਬਾਜਵਾ ਨੇ ਦੋਸ਼ ਲਗਾਇਆ ਕਿ ਸਰਕਾਰ ਦੀ ਸੋਚ ਹੈ ਕਿ ਇੰਡਸਟਰੀ, ਉਦਯੋਗ, ਵਪਾਰ ਤੇ ਹਿੰਦੂ ਵਰਗ ਪੰਜਾਬ ਤੋਂ ਹਿਜਰਤ ਕਰ ਜਾਵੇ। ਇਸ  ਮੌਕੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਜਗਜੀਤ ਸਿੰਘ, ਕਾਂਗਰਸ ਦੇ ਬੁਲਾਰੇ ਸੁਖਪਾਲ ਖਹਿਰਾ, ਸਾਬਕਾ ਮੰਤਰੀ ਜੋਗਿੰਦਰ ਮਾਨ, ਰਾਣਾ ਰੰਧਾਵਾ, ਸਤੀਸ਼ ਮਲਹੋਤਰਾ, ਅਰੁਣ ਵਾਲੀਆ, ਅਨਿਲ  ਦੱਤਾ, ਕੰਵਲਜੀਤ ਸਿੰਘ ਲਾਲੀ, ਗੁਰਵਿੰਦਰ ਸਿੰਘ ਅਟਵਾਲ, ਮਨਜਿੰਦਰ ਸਿੰਘ ਜੌਹਲ, ਸਤਨਾਮ ਬਿੱਟਾ, ਅੰਮ੍ਰਿਤ ਖੋਸਲਾ, ਸੰਦੀਪ ਸ਼ਰਮਾ, ਸੁਰਿੰਦਰ ਚੌਧਰੀ, ਨਿਰਵੈਲ ਸਿੰਘ, ਰਾਜ ਕੁਮਾਰ ਰਾਜੂ, ਮਨਜੀਤ ਸਿੰਘ ਸਰੋਆ, ਕ੍ਰਿਣਾਲ ਸ਼ਰਮਾ, ਅਸ਼ਵਿਨ ਭੱਲਾ, ਜਗਦੀਪ ਸੋਨੂੰ, ਪਰਮਜੀਤ ਸਿੰਘ ਬੱਲ, ਵਰਿੰਦਰ ਲਾਲੀ, ਰਵੀਸ਼ ਸ਼ਰਮਾ, ਗੁਰਬਖਸ਼ ਸਿੰਘ, ਪੰ. ਸ਼ੰਭੂਨਾਥ, ਬੂਟਾ ਸਿੰਘ, ਸੰਸਾਰ ਚੰਦ, ਪ੍ਰਦੀਪ ਬੱਬੀ ਤੇ ਹੋਰ ਵੀ ਮੌਜੂਦ ਸਨ।