ਮੋਗਾ   - ਅੱਜ ਸਰਕਾਰੀ ਸੀਨੀਅਰ ਸੈਕੰਡਰੀ ਆਦਰਸ਼ ਸਕੂਲ ਪਿੰਡ ਮਨਾਵਾਂ ਦੇ ਅਧਿਆਪਕਾਂ ਅਤੇ ਸਕੂਲੀ ਬੱਚਿਆਂ ਨੂੰ ਭਾਰੀ ਪੁਲਸ ਫੋਰਸ ਨੇ ਸਕੂਲ ਜਾਣ ਤੋਂ ਰੋਕ ਦਿੱਤਾ ਤਾਂ ਅਖੀਰ ਵਿਚ ਮਜਬੂਰ ਹੋ ਕੇ ਗਰਮੀ ਦੀ ਪ੍ਰਵਾਹ ਕੀਤੇ ਬਗੈਰ ਅਧਿਆਪਕਾਂ ਵਲੋਂ ਗਰਮ ਸੜਕ 'ਤੇ ਹੀ ਬੱਚਿਆਂ ਨੂੰ ਪੜ੍ਹਾਉਣਾ ਪੈ ਗਿਆ ਤੇ ਬੱਚਿਆਂ ਨੇ ਵੀ ਖੁਸ਼ੀ-ਖੁਸ਼ੀ ਆਪਣਾ ਹੋਮ ਵਰਕ ਅਤੇ ਕਲਾਸ ਵਰਕ ਖਤਮ ਕੀਤਾ। ਇਸ ਮੌਕੇ ਸਕੂਲੀ ਬੱਚਿਆਂ ਨੇ ਸੜਕ 'ਤੇ ਆਪਣੀ ਪੜ੍ਹਾਈ ਪ੍ਰੇਅਰ ਕਰਕੇ ਸ਼ੁਰੂ ਕੀਤੀ।
ਮੌਕੇ 'ਤੇ ਜਾ ਕੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਉਥੇ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਦੇ ਨਾਲ ਹਾਜ਼ਰ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਅਤੇ ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਖਡੂਰ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਮਨਾਵਾਂ ਦਾ ਸਰਕਾਰੀ ਆਦਰਸ਼ ਸਕੂਲ 31 ਮਾਰਚ, 2013 ਤੋਂ ਸਮੂਹ ਸਟਾਫ ਅਤੇ ਮਾਤਾ-ਪਿਤਾ ਦੇ ਸਹਿਯੋਗ ਨਾਲ ਜੋ ਕਮੇਟੀ ਬਣਾਈ ਗਈ ਹੈ, ਵਲੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਇਸ ਸਕੂਲ ਨੂੰ ਬੀ. ਆਈ. ਐੱਸ. ਐਜੂਕੇਸ਼ਨ ਸੁਸਾਇਟੀ ਵਲੋਂ ਚਲਾਇਆ ਜਾ ਰਿਹਾ ਸੀ ਪਰੰਤੂ ਹੁਣ ਉਹ ਇਸ ਸਕੂਲ ਨੂੰ ਛੱਡ ਚੁੱਕੀ ਹੈ।  ਉਨ੍ਹਾਂ ਕਿਹਾ ਕਿ ਸਕੂਲ ਵਿਚ ਗਰਮੀਆਂ ਦੀਆਂ ਛੁੱਟੀਆਂ ਹੋਣ ਤੋਂ ਬਾਅਦ  6 ਜੁਲਾਈ ਨੂੰ ਉਥੇ ਮੌਜੂਦ ਨਾਇਬ ਤਹਿਸੀਲਦਾਰ ਬਲਦੇਵ ਸਿੰਘ ਨੇ ਡਿਪਟੀ ਕਮਿਸ਼ਨਰ ਮੋਗਾ ਦੇ ਇਕ ਪੱਤਰ ਰਾਹੀਂ ਇਹ ਜਾਣੂੰ ਕਰਵਾਇਆ ਕਿ ਇਸ ਸਕੂਲ ਵਿਚ 14 ਜੁਲਾਈ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਅੱਜ 15 ਜੁਲਾਈ ਨੂੰ ਸਕੂਲ ਵਿਚ ਪੜ੍ਹ ਰਹੇ ਬੱਚੇ ਤੇ ਸਟਾਫ ਮੈਂਬਰ ਸਕੂਲ ਜਾਣ ਲਈ ਪੁੱਜੇ ਤਾਂ ਸਕੂਲ ਨੂੰ ਜਾਣ ਵਾਲੇ ਹਰ ਰਸਤੇ 'ਤੇ ਪੁਲਸ ਤਾਇਨਾਤ ਕਰ ਦਿੱਤੀ ਗਈ ਅਤੇ ਕਿਸੇ ਵੀ ਬੱਚੇ ਅਤੇ ਸਟਾਫ ਮੈਂਬਰ ਨੂੰ ਸਕੂਲ ਜਾਣ ਨਹੀਂ ਦਿੱਤਾ ਗਿਆ। ਅਖੀਰ ਮਜਬੂਰ ਹੋ ਕੇ ਇਸ ਸਕੂਲ ਦੇ ਅਧਿਆਪਕਾਂ ਵਲੋਂ ਗਰਮੀ ਦੀ ਕੋਈ ਪ੍ਰਵਾਹ ਕੀਤੇ ਬਗੈਰ ਬੱਚਿਆਂ ਨੂੰ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਗਰਮ ਸੜਕ 'ਤੇ ਹੀ ਕਲਾਸਾਂ ਲਗਾ ਕੇ ਪੜ੍ਹਾਇਆ ਗਿਆ। ਇਸ ਦੌਰਾਨ ਇੰਦਰਜੀਤ ਸਿੰਘ ਜ਼ੀਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਗਾ ਅਤੇ ਐੱਸ. ਡੀ. ਐੱਮ. ਮੋਗਾ ਨਾਲ ਇਸ ਸਾਰੇ ਮਸਲੇ ਦੇ ਸਬੰਧ ਵਿਚ ਮੀਟਿੰਗ ਹੋਈ ਹੈ। ਜਿਸ 'ਤੇ ਉਕਤ ਅਫਸਰਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਕੱਲ ਕਿਸੇ ਵੀ ਸਕੂਲੀ ਬੱਚੇ, ਸਟਾਫ ਮੈਂਬਰ ਜਾਂ ਆਉਣ-ਜਾਣ ਵਾਲਿਆਂ ਨੂੰ ਸਕੂਲ ਜਾਣ ਲਈ ਰੋਕਿਆ ਨਹੀਂ ਜਾਵੇਗਾ, ਜਿਸ ਲਈ ਪੁਲਸ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਮੇਲ ਸਿੰਘ ਸਾਬਕਾ ਪੰਚਾਇਤ ਅਫਸਰ ਵਾਈਸ ਚੇਅਰਮੈਨ 5 ਮੈਂਬਰੀ ਐਜੂਕੇਸ਼ਨ ਸੁਧਾਰ ਕਮੇਟੀ ਆਦਰਸ਼ ਸਕੂਲ, ਬਲਰਾਜ ਸਿੰਘ ਨੂਰਪੁਰ, ਜਸਵੰਤ ਸਿੰਘ ਸੰਧੂ, ਸੁਖਪਾਲ ਸਿੰਘ ਜ਼ੈਲਦਾਰ,  ਜਸਵਿੰਦਰ ਕੌਰ ਬੈਂਸ, ਅਮਰਿੰਦਰਪਾਲ ਸਿੰਘ, ਦਿਲਦਾਰ ਮੁਹੰਮਦ ਡੀ. ਪੀ. ਈ., ਰੁਪਿੰਦਰ ਕੌਰ, ਸ਼੍ਰੀਮਤੀ ਦਵਿੰਦਰ ਕੌਰ ਭੁੱਲਰ, ਮੈਡਮ ਸ਼ੈਲੀ, ਪਰਮਜੀਤ ਕੌਰ, ਮੈਡਮ ਡਿੰਪਲ ਆਦਿ ਸਟਾਫ ਮੈਂਬਰ ਤੇ ਸਕੂਲੀ ਬੱਚਿਆਂ ਦੇ ਮਾਤਾ-ਪਿਤਾ ਆਦਿ ਵੀ ਹਾਜ਼ਰ ਸਨ।