ਨਿਊਯਾਰਕ, 13 ਜੁਲਾਈ (ਏਜੰਸੀ)-ਅੱਜ ਇਥੇ ਮਲਾਲਾ ਦਿਵਸ ਮੌਕੇ 7 ਲੜਕੀਆਂ ਨੂੰ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਵਜੋਂ ਕੌਮਾਂਤਰੀ ਸਿੱਖਿਆ ਯੂਥ ਵੀਰਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਵਿਸ਼ਵ ਭਰ ਦੀਆਂ 7 ਲੜਕੀਆਂ ਨੂੰ ਇਹ ਵਿਸ਼ੇਸ਼ ਪੁਰਸਕਾਰ ਲੜਕੀਆਂ ਦੀ ਸਿੱਖਿਆ ਤੇ ਔਰਤਾਂ ਦੇ ਆਤਮ ਸਨਮਾਨ ਨੂੰ ਬੜ੍ਹਾਵਾ ਦੇਣ ਦੇ ਮੰਤਵ ਲਈ ਵਿਖਾਏ ਹੌਂਸਲੇ ਤੇ ਕੀਤੀਆਂ ਪ੍ਰਾਪਤੀਆਂ ਲਈ ਦਿੱਤਾ ਗਿਆ। ਇਨ੍ਹਾਂ ਵਿਚ 2 ਭਾਰਤੀ ਲੜਕੀਆਂ ਬੰਗਲੌਰ ਵਾਸੀ 21 ਸਾਲਾ ਅਸ਼ਵਿਨੀ ਤੇ ਉੱਤਰ ਪ੍ਰਦੇਸ਼ ਦੀ 15 ਸਾਲਾ ਰਜ਼ੀਆ ਵੀ ਸ਼ਾਮਿਲ ਹੈ। ਬੰਗਲਾਦੇਸ਼, ਨੇਪਾਲ , ਮੋਰਾਕੋ ਤੇ ਸੀਰਾ ਲਿਓਨ ਦੀਆਂ ਲੜਕੀਆਂ ਦੇ ਨਾਲ ਮਲਾਲ ਦੇ ਨਾਲ ਜ਼ਖਮੀ ਹੋਈ ਉਸ ਦੀ ਸਹੇਲੀ ਸ਼ਾਜ਼ੀਆ ਨੂੰ ਵੀ ਇਸ ਪੁਰਸਕਾਰ ਨਾਲ ਨਿਵਾਜਿਆ ਗਿਆ। ਇਸ ਮੌਕੇ ਵਿਸ਼ਵ ਭਰ ਵਿਚੋਂ ਇਕੱਤਰ ਹੋਏ ਨੌਜਵਾਨ ਪ੍ਰਤੀਨਿੱਧੀਆਂ ਨੇ ਮਲਾਲਾ, ਜਿਸ ਨੇ ਆਪਣਾ 16 ਵਾਂ ਜਨਮ ਦਿਨ ਮਨਾਇਆ ਤੇ ਜੋ ਹੁਣ ਬੱਚਿਆਂ ਦੀ ਸਿੱਖਿਆ ਦੇ ਅਧਿਕਾਰ ਦਾ ਇਕ ''ਚੇਹਰਾ'' ਬਣ ਗਈ ਹੈ, ਨੂੰ ਵਧਾਈ ਦਿੱਤੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਮਲਾਲਾ ਦੇ 16 ਵੇਂ ਜਨਮ ਦਿਨ ਨੂੰ ਮਲਾਲਾ ਦਿਵਸ ਦਾ ਨਾਂ ਦਿੱਤਾ ਸੀ। ਬੀਤੇ ਦਿਨ ਸੰਯੁਕਤ ਰਾਸ਼ਟਰ ਵਿਖੇ ਆਪਣੇ ਪਹਿਲੇ ਜਨਤਿਕ ਭਾਸ਼ਣ 'ਚ ਮਲਾਲਾ ਯੂਸਫਜ਼ਈ ਨੇ ਕਿਹਾ ਸੀ ਕਿ ਉਹ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਮਾਰਗ ਤੋਂ ਪ੍ਰੇਰਿਤ ਹੋਈ ਹੈ। ਉਸ ਨੇ ਕਿਹਾ ਕਿ ਮੈਂ ਇਥੇ ਕਿਸੇ ਦੇ ਵਿਰੁੱਧ ਨਹੀਂ ਹਾਂ ਤੇ ਨਾ ਹੀ ਮੈਂ ਇਥੇ ਨਿਜੀ ਬਦਲਾਖੋਰੀ ਵਜੋਂ ਤਾਲਿਬਾਨ ਜਾਂ ਹੋਰ ਕਿਸੇ ਅੱਤਵਾਦੀ ਗਰੁੱਪ ਖਿਲਾਫ ਬੋਲਣ ਲਈ ਖੜੀ ਹੋਈ ਹਾਂ। ਮੈਂ ਇਥੇ ਹਰ ਬੱਚੇ ਦੇ ਸਿੱਖਿਆ ਦੇ ਅਧਿਕਾਰ ਬਾਰੇ ਬੋਲਣ ਲਈ ਆਈ ਹਾਂ। ਉਸ ਨੇ ਕਿਹਾ ਕਿ ਮੈਂ ਚਹੁੰਦੀ ਹਾਂ ਕਿ ਤਾਲਿਬਾਨ ਤੇ ਦੂਸਰੇ ਸਾਰੇ ਅੱਤਵਾਦੀਆਂ ਦੇ ਪੁੱਤਰਾਂ ਤੇ ਧੀਆਂ ਨੂੰ ਸਿੱਖਿਆ ਮਿਲੇ। ਮੇਰੇ ਦਿੱਲ ਵਿਚ ਉਨ੍ਹਾਂ ਤਾਲਿਬਾਨ ਲਈ ਵੀ ਨਫਰਤ ਨਹੀਂ ਹੈ ਜਿਨ੍ਹਾਂ ਨੇ ਮੈਨੂੰ ਗੋਲੀ ਮਾਰੀ ਸੀ।