ਢਿੱਡ 'ਚ ਮਾਰੀ ਕ੍ਰਿਪਾਨ, ਮੁਲਜ਼ਮ ਗ੍ਰਿਫਤਾਰ
ਭੋਗਪੁਰ  (ਪਾਬਲਾ) - ਬੀਤੀ ਰਾਤ ਸਥਾਨਕ ਵਾਰਡ ਨੰਬਰ-8 (ਪਿੰਡ ਡੱਲੀ) ਵਿਖੇ ਘਰੇਲੂ ਝਗੜੇ ਕਾਰਨ ਪਤੀ ਨੇ ਆਪਣੀ ਪਤਨੀ ਦੇ ਢਿੱਡ ਵਿਚ ਕ੍ਰਿਪਾਨ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਦੇਰ ਰਾਤ ਲਗਭਗ 9.30 ਵਜੇ ਪਿੰਡ ਡੱਲੀ (ਵਾਰਡ ਨੰਬਰ-8) ਦੇ ਚਰਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਦਾ ਘਰ ਵਿਚ ਆਪਣੀ ਪਤਨੀ ਸੋਨੀਆ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ । ਝਗੜਾ ਇਥੋਂ ਤੱਕ ਵਧ ਗਿਆ ਕਿ ਗੁੱਸੇ ਵਿਚ ਚਰਨਜੀਤ ਸਿੰਘ ਮੋਟਰਸਾਈਕਲ 'ਤੇ

ਘਰੋਂ ਬਾਹਰ ਜਾਣ ਲੱਗਾ ਤਾਂ ਉਸ ਦੀ ਪਤਨੀ ਸੋਨੀਆ ਨੇ ਉਸ ਨੂੰ ਰੋਕਣਾ ਚਾਹਿਆ । ਇਸ ਦੌਰਾਨ ਝਗੜੇ ਵਿਚ ਚਰਨਜੀਤ ਸਿੰਘ ਨੇ ਆਪਣੀ ਪਤਨੀ ਸੋਨੀਆ ਦੇ ਢਿੱਡ ਵਿਚ ਕ੍ਰਿਪਾਨ ਮਾਰ ਦਿੱਤੀ, ਜੋ ਆਰ-ਪਾਰ ਹੋ ਗਈ। ਦੋਸ਼ੀ ਚਰਨਜੀਤ ਸਿੰਘ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਇਸੇ ਦੌਰਾਨ ਮ੍ਰਿਤਕਾ ਸੋਨੀਆ ਦਾ ਪੁੱਤਰ ਕਰਨਜੀਤ ਸਿੰਘ (15 ਸਾਲ) ਘਰ ਅੰਦਰ ਟੈਲੀਵਿਜ਼ਨ ਵੇਖ ਰਿਹਾ ਸੀ। ਉਸ ਨੇ ਜਦੋਂ ਆਪਣੀ ਮਾਂ ਦੀਆਂ ਚੀਕਾਂ ਸੁਣੀਆਂ ਤਾਂ ਉਹ ਬਾਹਰ ਆਇਆ, ਜਿੱਥੇ ਉਸ ਦੀ ਮਾਂ ਡਿੱਗੀ ਪਈ ਸੀ। ਉਸ ਨੇ ਰੌਲਾ ਪਾਇਆ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਆਪਣੀ ਮਾਂ ਨੂੰ ਭੋਗਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਸੋਨੀਆ ਦਾ ਪੋਸਟਮਾਰਟਮ ਕਰਵਾ ਕੇ ਪੁਲਸ ਨੇ ਲਾਸ਼ ਉਸ ਦੇ ਵਾਰਸਾਂ ਹਵਾਲੇ ਕਰ ਦਿੱਤੀ, ਜਿਸ ਦਾ ਅੱਜ ਦੁਪਹਿਰ ਸਮੇਂ ਸਸਕਾਰ ਕਰ ਦਿੱਤਾ ਗਿਆ। ਭੋਗਪੁਰ ਪੁਲਸ ਨੇ ਮ੍ਰਿਤਕਾ ਸੋਨੀਆ ਦੇ ਲੜਕੇ ਕਰਨਜੀਤ ਸਿੰਘ ਦੇ ਬਿਆਨਾਂ 'ਤੇ ਉਸ ਦੇ ਪਿਤਾ ਚਰਨਜੀਤ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕਾ ਸੋਨੀਆ ਬਿਊਟੀ ਪਾਰਲਰ ਤੇ ਬੁਟੀਕ ਚਲਾਉਂਦੀ ਸੀ। ਉਸ ਦੀ ਆਪਣੇ ਪਤੀ ਚਰਨਜੀਤ ਸਿੰਘ ਨਾਲ ਲਵ-ਮੈਰਿਜ ਸੀ ਤੇ ਉਸ ਦੇ ਦੋ ਪੁੱਤਰ ਸਨ।