jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 July 2013

ਨਾ ਮੈਂ ਕੋਈ ਝੂਠ ਬੋਲਿਆ..............?

www.sabblok.blogspot.com

ਜੇਕਰ ਭਾਰਤ ਵਰਗੇ ਦੇਸ਼ ਵਿਚ ਭ੍ਰਿਸ਼ਟਾਚਾਰੀਆਂ ਲਈ ਚੀਨ ਵਰਗਾ ਕਾਨੂੰਨ ਲਾਗੂ ਹੋ ਜਾਵੇ ਤਾਂ ਸੋਚੋ ਇਥੇ ਕੌਨ ਬਚੇਗਾ
ਦੋਸਤੋ ਸਾਡੇ ਗਵਾਂਢੀ ਮੁਲਕ ਚੀਨ ਨੇ ਬੀਤੇ ਦਿਨੀਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਉਥੋਂ ਦੇ ਸਾਬਕਾ ਰੇਲ ਮੰਤਰੀ ਲੀਊ ਨੂੰ ਫਾਂਸੀ ਦੀ ਸਜ਼ਾ ਸੁਣਾ ਦਿਤੀ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਕਹਾਉਣ ਵਾਲੇ ਭਾਰਤ ਦੇ ਟੀ. ਵੀ. ਚੈਨਲਾਂ 'ਤੇ ਜਦੋਂ ਇਹ ਖਬਰ ਪ੍ਰਕਾਸ਼ਤ ਹੋ ਰਹੀ ਸੀ ਤਾਂ ਇਕ ਵਾਰ ਸੁਣ ਕੇ ਸਭ ਨੂੰ ਹੈਰਾਨੀ ਹੋ ਰਹੀ ਸੀ ਕਿ ਹੈਂ ! ਅਜਿਹਾ ਵੀ ਹੋ ਸਕਦਾ ਹੈ। ਭਾਰਤ ਵਿਚ ਇਸ ਗੱਲ ਨੂੰ ਲੈ ਕੇ ਹੈਰਾਨੀ ਹੋਣੀ ਕੁਦਰਤੀ ਹੈ ਕਿਉਂਕਿ ਸਾਡੀ ਨਿਆਂ ਪ੍ਰਣਾਲੀ ਵਿਚ ਚੋਰ ਮੋਰੀਆਂ ਹੋਣ ਕਾਰਨ ਅਜਿਹੀ ਸਜ਼ਾ ਅਜਿਹੇ ਮਾਮਲੇ ਵਿਚ ਕਦੇ ਸੋਚੀ ਵੀ ਨਹੀਂ ਜਾ ਸਕਦੀ। ਇਥੇ ਤਾਂ ਜਿਹੜੇ ਕੇਸਾਂ ਵਿਚ ਸਚ ਮੁੱਚ ਹੀ ਮੁਜ਼ਰਿਮ ਨੂੰ ਫਾਂੀ ਹੋਣੀ ਚਾਹੀਦੀ ਹੈ ਉਹ ਵੀ ਨਹੀਂ ਹੁੰਦੀ। ਬਲਕਿ ਕਈ ਵਾਰ ਤਾਂ ਸੰਗੀਨ ਦੋਸ਼ਾਂ ਦੇ ਮੁਜ਼ਰਿਮ ਵੀ ਸਾਫ ਬਰੀ ਹੋ ਨਿਕਲਦੇ ਹਨ। ਹੁਣ ਜੇਕਰ ਚੀਨ ਵਿਚ ਸਾਬਕਾ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਫਾਂਸੀ ਦੀ ਸਜ਼ਾ ਸੁਨਾਉਣ ਦੀ ਗੱਲ ਦਾ ਭਾਰਤ ਵਿਚ ਮੁੱਲਾਂਕਨ ਕੀਤਾ ਜਾਵੇ ਤਾਂ ਇਸ ਹਿਸਾਬ ਨਾਲ ਭਾਰਤ ਵਿਚ ਤਾਂ ਧੜ-ਧੜ ਫਾਂਸੀਆਂ ਦਿਤੀਆਂ ਜਾ ਸਕਦੀਆਂ ਹਨ ਕਿਉਂਕਿ ਭਾਰਤ ਜੇਕਰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਕਿਹਾ ਜਾਂਦਾ ਹੈ ਤਾਂ ਇਥੇ ਭ੍ਰਿਸ਼ਟਾਚਾਰ ਦੀਆਂ ਸੀਮਾਵਾਂ ਵੀ ਹੱਦ ਤੋਂ ਵੱਧ ਪਾਰ ਹੋ ਚੁੱਕੀਆਂ ਹਨ। ਸਿਰਫ ਕੁਝ ਕਰੋੜਾਂ ਦੇ ਭ੍ਰਿਸ਼ਟਾਚਾਰ ਅਧੀਨ ਫਾਂਸੀ ਦੀ ਸਜ਼ਾ ਦੇ ਹਿਸਾਬ ਨਾਲ ਤਾਂ ਇਨ੍ਹਾਂ ਘਪਲਾ ਤਾਂ ਇਕ ਛੋਟੀ ਤਹਿਸੀਲ ਅੰਦਰ ਤਾਇਨਾਤ ਨਗਰ ਕੌਂਸਲ ਅਧਿਕਾਰੀ ਹੀ ਕਰ ਜਾਂਦੇ ਹਨ। ਫਿਰ ਉਸਤੋਂ ਬਾਅਦ ਵੱਡੇ ਦਫਤਰ ਅਤੇ ਵੱਡੇ ਘਪਲੇ ਤੇ ਵੱਡੇ ਭ੍ਰਿਸ਼ਟਾਚਾਰ ਹੁੰਦੇ ਹਨ। ਅਫਸਰਸ਼ਾਹੀ ਤੋਂ ਬਾਅਦ ਵਾਰੀ ਆਉਂਦੀ ਹੈ ਰਾਜਨੀਤਿਕ ਲੋਕਾਂ ਦੀ ਇਥੇ ਤਾਂ ਕਹਿਣੇ ਹੀ ਕਿਆ ਹਨ। ਭ੍ਰਿਸ਼ਟਾਚਾਰ ਵਿਚ ਇਕ ਦੂਸਰੇ ਤੋਂ ਵੱਧ ਨੰਬਰ ਹਾਸਲ ਕਰਨ ਦੀ ਦੌੜ ਇਥੇ ਆਮ ਦੇਖੀ ਜਾ ਸਕਦੀ ਹੈ। ਹੁਣ ਤੁਸੀਂ ਸੋਚੋ ਕਿ ਜੇਕਰ ਚੀਨ ਵਰਗਾ ਕਾਨੂੰਨ ਭਾਰਤ ਵਿਚ ਕੰਮ ਕਰਨ ਲੱਗ ਜਾਏ ਤਾਂ ਇਥੇ ਫਾਂਸੀ ਤੋਂ ਕੌਨ ਬਚੇਗਾ ? ਆਓ ਥੋੜਾ ਜਿਹਾ ਪਿਛਲੇ ਝਰੋਖੇ ਤੇ ਨਜ਼ਰ ਮਾਰੀਏ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਾਡੇ ਖੁਦ ਦੇ ਹੀ ਚੁਣੇ ਹੋਏ ਨੁਮਾਇੰਦਿਆਂ ਵਲੋਂ ਕੀਤੇ ਜਾਣ ਵਾਲੇ ਭ੍ਰਿਸ਼ਟਾਚਾਰ ਨੂੰ ਅਸੀਂ ਖੁਦ ਹੀ ਪ੍ਰਵਾਨਗੀ ਦੇ ਚੁੱਕੇ ਹਾਂ।ਬੋਫਰਜ਼ ਤੋਪ ਘੋਟਾਲਾ, ਬਿਹਾਰ ਵਿਚ ਚਾਰਾ ਘੋਟਾਲਾ, ਤਾਬੂਤ ਘੋਟਾਲੇ ਤੋਂ ਇਲਾਵਾ ਹੋਰ ਅਜਿਹੇ ਕਿੰਨੇ ਘੋਟਾਲੇ ਸਮੇਂ-ਸਮੇਂ 'ਤੇ ਸਾਹਮਣੇ ਆਏ। ਉਨ੍ਹਾਂ ਦੀ ਚਰਚਾ ਖੂਬ ਹੋਈ ਪਰ ਅੱਜ ਤੱਕ ਦੇਸ਼ ਅੰਦਰ ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਵੀ ਆਗੂ ਨੂੰ ਅੱਜ ਤੱਕ ਕਿਸੇ ਵੀ ਰਾਜਸੀ ਆਗੂ ਨੂੰ ਸਜ਼ਾ ਨਹੀਂ ਮਿਲ ਸਕੀ। ਹਾਂ ! ਇਨ੍ਹਾਂ ਜਰੂਰ ਹੈ ਕਿ ਇਨ੍ਹਾਂ ਮੁੱਦਿਆਂ ਨੂੰ ਸਮੇਂ-ਸਮੇਂ ਢਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਕੈਸ਼ ਕੀਤਾ ਗਿਆ ਅਤੇ ਚੋਣਾਂ ਵਿਚ ਲਾਭ ਹਾਸਲ ਕਰਨ ਵਿਚ ਸਫਲਤਾ ਹਾਸਲ ਕਰ ਲਈ। ਕੇਂਦਰ ਦੇ ਤਖਤ 'ਤੇ ਹੁਣ ਤੱਕ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਖੱਬੇ ਪੱਖੀਆਂ ਵਲੋਂ ਸੱਤਾ ਦਾ ਆਨੰਦ ਮਾਣਿਆ ਗਿਆ। ਸੱਤਾ ਤੋਂ ਬਾਹਰ ਰਹਿੰਦੇ ਹੋਏ ਹਰੇਕ ਪਾਰਟੀ ਵਲੋਂ ਸੱਤਾਧਾਰੀ ਪਾਰਟੀ ਦੇ ਕੰਮਾਂ ਦੀ ਨਿੰਦਾ ਕੀਤੀ ਗਈ ਅਤੇ ਉਨ੍ਹਾਂ ਦੇ ਕਾਰਜ ਵਿਚ ਹੋਏ ਘਪਲਿਆਂ ਨੂੰ ਮੁੱਖ ਨਿਸ਼ਾਨੇ ਵਜੋਂ ਰੱਖਿਆ ਗਿਆ। ਉਨ੍ਹਾਂ ਦੇ ਸਹਾਰੇ ਹੀ ਸੱਤਾ ਹਾਸਲ ਕੀਤੀ ਪਰ ਸੱਤਾ ਹਾਸਲ ਕਰਕੇ ਕਦੇ ਇਹ ਸਾਹਮਣੇ ਨਹੀਂ ਆਇਆ ਕਿ ਉਨ੍ਹਾਂ ਤੋਂ ਪਹਿਲਾਂ ਭ੍ਰਿਸ਼ਟਾਚਾਰ ਕਰਨ ਵਾਲੀ ਪਾਰਟੀ ਦੇ ਆਗੂਆਂ ਦੇ ਨਾਂ ਸਾਹਮਣੇ ਆਉਣ ਵਾਲਿਆਂ ਵਿਰੁੱਧ ਉਸ ਸਮੇਂ ਕਿਸੇ ਵੀ ਵਿਰੋਧੀ ਪਾਰਟੀ ਨੇ ਕੋਈ ਕਾਰਵਾਈ ਕੀਤੀ ਹੋਵੇ। ਇਹ ਜਰੂਰ ਹੋਇਆ ਕਿ ਜਦੋਂ ਸੱਤਾ ਹੱਥੋਂ ਨਿਕਲ ਗਈ ਤਾਂ ਦਬਾਰਾ ਉਸਨੂੰ ਮੁੱਦੇ ਵਜੋਂ ਅਪਨਾ ਲਿਆ ਗਿਆ। ਸਮੁੱਚੇ ਦੇਸ਼ ਦੇ ਮੱਥੇ 'ਤੇ ਲੱਗੇ ਵੱਡੇ ਦਾਗ 1984 ਦੇ ਸਿੱਖ ਵਿਰੋਧੀ ਦੰਗੇ ਹਨ ਉਸਤੋਂ ਬਾਅਦ ਗੁਜਰਾਤ ਦੇ ਗੋਧਰਾ ਕਾਂਡ ਦੀ ਵਾਰੀ ਆਉਂਦੀ ਹੈ। ਸਿੱਖ ਵਿਰੋਧੀ ਦੰਗਿਆਂ ਨੂੰ ਕਾਂਗਰਸ ਤੋਂ ਇਲਾਵਾ ਹਰੇਕ ਦੂਜੀ ਪਾਰਟੀ ਨੇ ਕੈਸ਼ ਕੀਤਾ। ਪਰ ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੀ ਰਹੀ ਪਰ ਕਿਸੇ ਵਲੋਂ ਵੀ ਸਿੱਖਾਂ ਨੂੰ ਇਨਸਾਫ ਦਵਾਉਣ ਲਈ ਪਹਿਲਕਦਮੀ ਨਹੀਂ ਕੀਤੀ। ਹਰ ਵਾਰ ਚੋਣਾਂ ਵਿਚ ਜ਼ਖਮ ਹਰੇਕ ਪਾਰਟੀ ਵਲੋਂ ਹਰੇ ਕਰ ਦਿਤੇ ਜਾਂਦੇ ਹਨ। ਹਾਲ ਹੀ ਵਿਚ ਮਾਡਰਨ ਧਰਿਤਰਾਸ਼ਟਰ ਦੀ ਉਪਾਧੀ ਪ੍ਰਾਪਤ ਕਰ ਚੁੱਕੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਇਕ ਤੋਂ ਵਧ ਕੇ ਇਕ ਘਪਲਿਆਂ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਹੈ। ਕੁਝ ਸਮਾਂ ਪਹਿਲਾਂ 2 ਜੀ ਸਪੈਕਟਰਮ ਰਾਹੀਂ 1 ਕਰੋੜ 75 ਲੱਖ ਕਰੋੜ ਦੀ ਘਪਲੇਬਾਜ਼ੀ, ਕਾਮਨਵੈਲਥ ਗੇਮਾ ਵਿਚ 70 ਲੱਖ ਕਰੋੜ ਦੀ ਘਪਲੇਬਾਜ਼ੀ ਅਤੇ ਐਸ. ਬੈਂਡ ਦਾ ਘਪਲਾ ਸਾਹਮਣੇ ਆਇਆ। ਮੀਡੀਆ ਵਿਚ ਵਧੇਰੇ ਰੌਲਾ ਪੈਣ ਕਾਰਨ ਸਰਕਾਰ ਵਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਆਰੰਭ ਕਰ ਦਿਤੀ ਗਈ ਹੈ ਪਰ ਹਮੇਸ਼ਾ ਵਾਂਗ ਇਨ੍ਹਾਂ ਦੀ ਜਾਂਚ ਦਰ ਜਾਂਚ ਹੁੰਦੀ ਰਹੇਗੀ ਪਰ ਕੋਈ ਨਤੀਜਾ ਸਾਹਮਣੇ ਨਹੀਂ ਆਏਗਾ। ਹਰ ਵਾਰ ਚੋਣਾਂ ਸਮੇਂ ਇਹ ਘਪਲੇ ਪਹਿਲਾਂ ਵਾਂਗ ਸਿਰਫ ਚੋਣ ਮੁੱਦੇ ਬਣਦੇ ਰਹਿਣਗੇ ਅਤੇ ਰਾਜਸੀ ਲੋਕ ਇਸ ਦਾ ਇਕ ਦੂਜੇ ਦੇ ਵਿਰੁੱਧ ਲਾਭ ਹਾਸਲ ਕਰਦੇ ਰਹਿਣਗੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਕਦੋਂ ਤੱਕ ਅਸੀਂ ਭ੍ਰਿਸ਼ਟਾਚਾਰੀਆਂ ਨੂੰ ਆਪਣੀ ਕਿਸਮਤ ਨੰਮ ਕੇ ਛੱਡਦੇ ਰਹਾਂਗੇ। ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾ ਕੁਰਬਾਨ ਕਰਨ ਵਾਲੇ ਮਹਾਨ ਸੂਰਬੀਰਾਂ ਨੂੰ ਅਸੀਂ ਕੀ ਜਵਾਬ ਦੇਵਾਂਗੇ। ਹਰ ਪਾਸੇ ਭ੍ਰਿਸ਼ਟਾਚਾਰ ਅਤੇ ਬੇਇਨਸਾਫੀ ਨਾਲ ਭਰੇ ਹੋਏ ਇਸ ਭਾਰਤ ਦੇਸ਼ ਦੀ ਹਾਲਤ ਦੇਖ ਕੇ ਸ਼ਹੀਦਾਂ ਨੂੰ ਵੀ ਅਫਸੋਸ ਹੁੰਦਾ ਹੋਵੇਗਾ। ' ਮੇਰਾ ਰੰਗ ਦੇ ਬਸੰਤੀ ਚੋਲਾ ' ਗੀਤ ਦੀਆਂ ਸੱਤਰਾਂ ਭਾਵੇਂ ਦੇਸ਼ ਦਾ ਨੌਜਵਾਨ ਵਰਗ ਅੱਜ ਇਕ ਵਾਰ ਫਿਰ ਤੋਂ ਗੁਗੁਨਾਉਣ ਲੱਗ ਪਿਆ ਹੈ ਪਰ ਜਿੰਨੀ ਦੇਰ ਨੌਜਵਾਨ ਵਰਗ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਖੁਦ ਇਸ ਗੀਤ ਦੀਆਂ ਸੱਤਰਾਂ ਤੋਂ ਅੱਗੇ ਵਧ ਕੇ ਬਸੰਤੀ ਰੰਗ ਵਿਚ ਖੁਦ ਨੂੰ ਰੰਗ ਨਹੀਂ ਲਏਗਾ ਉਨ੍ਹਾਂ ਸਮਾਂ ਦੇਸ਼ ਵਿਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਨਹੀਂ ਹੋਵੇਗਾ। ਦੇਸ਼ ਦਾ ਲੱਖਾਂ ਅਰਬ ਰੁਪਈਆ ਵਿਦੇਸ਼ੀ ਬੈਂਕਾਂ ਵਿਚ ਕਾਲੇ ਧਨ ਵਜੋਂ ਪਿਆ ਹੈ। ਉਸ ਕਾਲੇ ਧਨ ਦਾ ਜਿਕਰ ਤੋਂ 20 ਸਾਲਾਂ ਤੋਂ ਦੇਸ਼ ਵਿਚ ਹੁੰਦਾ ਆ ਰਿਹਾ ਹੈ ਪਰ ਉਸ ਕਾਲੇ ਧਨ ਨੂੰ ਲਿਆਉਣ ਲਈ ਸਿਰਫ ਕਾਗਜ਼ਾਂ ਅਤੇ ਅਖਬਾਰੀ ਬਿਆਨਾਂ ਤੋਂ ਵਧ ਕੇ ਕੋਈ ਕਾਰਵਾਈ ਨਹੀਂ ਹੋ ਸਕੀ। ਕੇਂਦਰ ਸਰਕਾਰ ਵਲੋਂ ਭ੍ਰਿਸ਼ਟਾਚਾਰ ਸਮਾਪਤ ਕਰਨ ਦੇ ਇਰਾਦੇ ਨਾਲ ਅੱਗੇ ਕਦਮ ਵਧਾਉਂਦੇ ਹੋਏ ਭ੍ਰਿਸ਼ਟਾਚਾਰ ਸਬੰਧੀ ਮਾਮਲਿਆਂ ਪ੍ਰਤੀ ਸਖਤ ਰੁਖ ਅਪਨਾਉਣ ਦਾ ਫੈਸਲਾ ਕੀਤਾ ਗਿਆ ਸੀ। ਕੇਂਦਰ ਸਰਕਾਰ ਵਲੋਂ ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਦੇ ਸਰਕਾਰ ਵਿਚ ਵਿੱਤ ਮੰਤਰੀ ਦੇ ਅਹੁਦੇ ਸਮੇਂ ਉਨ੍ਹਾਂ ਦੀ ਅਗਵਾਈ ਹੇਠ ਮੰਤਰੀਆਂ ਦੇ ਸਮੂਹ ਵਲੋਂ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਲਈ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਮਨਜੂਰ ਕਰਦੇ ਹੋਏ ਇਹ ਹੁਕਮ ਦਿਤਾ ਗਿਆ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਧਿਕਾਰੀਆਂ ਖਿਲਾਫ ਕਾਰਵਾਈ ਤਿੰਨ ਮਹੀਨੇ ਦੇ ਅੰਦਰ ਸਮਾਂ ਹੱਦ ਤੈਅ ਕੀਤੀ ਜਾਵੇ। ਪਰ ਇਸ ਮਾਮਲੇ ਨੂੰ ਵੀ ਕਈ ਮਹੀਨੇ ਬੀਤ ਚੁੱਕੇ ਹਨ ਪਰ ਅੱਜ ਤੱਕ ਉਸ ਉੱਪਰ ਕੋਈ ਅਮਲ ਹੁਣ ਤੱਕ ਨਜ਼ਰ ਨਹੀਂ ਆਇਆ। ਹੁਣ ਤੱਕ ਤਾਂ ਇਹ ਆਲਮ ਰਿਹਾ ਹੈ ਕਿ '' ਰਿਸ਼ਵਤ ਲੈਂਦੇ ਫੜੇ ਗਏ, ਰਿਸ਼ਵਤ ਦੇ ਕੇ ਛੁੱਟ ਗਏ। '' ਭਾਰਤ ਉਹ ਮਹਾਨ ਦੇਸ਼ ਹੈ ਜਿਸਨੂੰ ਸਾਰੀ ਦੁਨੀਆਂ ਨੇ ਸੋਨੇ ਦੀ ਚਿੜੀ ਦਾ ਖਿਤਾਬ ਦਿਤਾ। ਭਾਰਤ ਨੂੰ ਮੁਗਲ ਰਾਜ ਤੋਂ ਲੈ ਕੇ ਅੰਗਰੇਜਾਂ ਤੱਕ ਦੋਹੀਂ ਹੱਥੀਂ ਲੁੱਟਿਆ ਗਿਆ। ਪਰ ਭਾਰਤ ਦੇਸ਼ ਨੂੰ ਕੰਗਾਲ ਨਹੀਂ ਕਰ ਸਕੇ। ਭਾਰਤ ਮਾਤਾ ਨੂੰ ਗੁਲਾਮੀ ਦੀਆਂ ਜ਼ੰਜ਼ੀਰਾਂ ਤੋਂ ਮੁਕਤੀ ਦਵਾਉਣ ਦੀ ਖਾਹਿਸ਼ ਰੱਖਣ ਵਾਲੇ ਅਨੇਕਾਂ ਯੋਧੇ ਹਸਦਿਆਂ ਹੋਇਆ ਕੁਰਬਾਨੀ ਕਰ ਗਏ। ਉਸ ਸਮੇਂ ਉਨ੍ਹਾਂ ਯੋਧਿਆਂ ਦੇ ਮਨਾ ਵਿਚ ਆਜ਼ਾਦ ਭਾਰਤ ਦੀ ਜੋ ਤਸਵੀਰ ਸੀ ਸ਼ਾਇਦ ਉਸ ਤਸਵੀਰ ਦਾ ਧੁੰਦਲਾ ਪ੍ਰਤੀਬਿੰਬ ਵੀ ਅਸੀਂ ਅੱਜ ਤੱਕ ਬਣਾ ਸਕੇ। ਦੇਸ਼ ਦੀ ਆਜ਼ਾਦੀ ਦੇ 60 ਸਾਲ ਦਾ ਸਮਾਂ ਬੀਤ ਜਾਣ 'ਤੇ ਵੀ ਅਸੀਂ ਉਸ ਖੁਸ਼ਹਾਲ ਭਾਰਤ ਦਾ ਨਿਰਮਾਣ ਨਹੀਂ ਕਰ ਸਕੇ ਜਿਸਦਾ ਆਜ਼ਾਦੀ ਦੇ ਪਰਵਾਨਿਆਂ ਨੇ ਸੁਪਨਾ ਲਿਆ ਸੀ। ਅੱਜ ਦੇ ਹਾਲਾਤ ਦੇਖ ਕੇ ਦੇਸ਼ ਤੋਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਯੋਧੇ ਆਪਣੀ ਕੁਰਬਾਨੀ 'ਤੇ ਅਫਸੋਸ ਜਾਹਿਰ ਕਰਦੇ ਹੋਣਗੇ ਕਿਉਂਕਿ ਭ੍ਰਿਸ਼ਟਾਚਾਰ ਨਾਲ ਨੱਕੋ-ਨੱਕ ਭਰੇ ਹੋਏ ਆਜ਼ਾਦ ਭਾਰਤ ਦੀ ਕਲਪਨਾ ਉਨ੍ਹਾਂ ਕਦੇ ਵੀ ਨਹੀਂ ਕੀਤੀ ਸੀ। ਦੇਸ਼ ਵਿਚ ਲਗਾਤਾਰ ਵਧ ਰਹੇ ਭ੍ਰਿਸ਼ਟਾਚਾਰ ਨੂੰ ਸ਼ੁਰੂ ਤੋਂ ਹੀ ਰਰ ਕੋਈ ਮਹਿਸੂਸ ਕਰਦਾ ਰਿਹਾ ਹੈ। ਇਕਾ-ਦੁੱਕਾ ਆਵਾਜ ਜੇਕਰ ਭ੍ਰਿਸ਼ਟਾਚਾਰ ਦੇ ਵਿਰੁੱਧ ਉੱਠੀ ਤਾਂ ਉਸਨੂੰ ਹਮੇਸ਼ਾ ਲਈ ਬੰਦ ਕਰਵਾ ਦਿਤਾ ਗਿ ਜਾਂ ਉਸਨੂੰ ਕਾਨੂੰਨੀ ਦਾਅ ਪੇਚਾਂ ਵਿਚ ਅਜਿਹਾ ਉਲਝਾਇਆ ਗਿਆ ਕਿ ਉਸਦਾ ਹਸ਼ਰ ਦੇਖਕੇ ਕੋਈ ਦੁਬਾਰਾ ਬੋਲਣ ਦੀ ਹਿੰਮਤ ਨਹੀਂ ਜੁਟਾ ਸਕਿਆ। ਅੰਨਾ ਹਜ਼ਾਰੇ ਵਲੋਂ ਜਦੋਂ ਭ੍ਰਿਸ਼ਠਾਚਾਰ ਵਿਰੁੱਧ ਸਮੂਹਿਕ ਤੌਰ 'ਤੇ ਆਵਾਜ਼ ਬੁਲੰਦ ਕੀਤੀ ਗਈ ਤਾਂ ਉਸਨੂੰ ਦਬਾਉਣ ਦਾ ਵੀ ਹਰ ਹੀਲਾ ਵਰਤਿਆ ਗਿਆ। ਭ੍ਰਿਸ਼ਟਾਚਾਰ ਅੱਜ ਦੇਸ਼ ਵਿਚ ਕੈਂਸਰ ਤੋਂ ਵੀ ਭਿਆਨਕ ਜੜ੍ਹਾਂ ਪਸਾਰ ਚੁੱਕਾ ਹੈ। ਹੇਠਲੇ ਪੱਧਰ ਤੋਂ ਲੈ ਕੇ ਉੱਪਰ ਤੱਕ ਜ਼ਿਆਦਾਤ ਅਫਸਰਸ਼ਾਹੀ 'ਤੇ ਰਾਜਨੀਤਿਕ ਲੋਕ ਭ੍ਰਿਸ਼ਟਾਚਾਰ ਦੀ ਦਲ-ਦਲ ਵਿਚ ਧਸੇ ਹੋਏ ਹਨ। ਇਹੀ ਵਜਹ ਹੈ ਕਿ ਜਦੋਂ ਵੀ ਕੋਈ ਭ੍ਰਿਸ਼ਟਾਚਾਰ ਦੇ ਵਿਰੋਧ ਵਿਚ ਕਦਮ ਉਠਟਾਉਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਸਨੂੰ ਤਾਰਪੀਡੇ ਕੀਤਾ ਜਾਂਦਾ ਹੈ। ਸਰਕਾਰੀ ਵਿਦਿਅਕ ਅਦਾਰਿਆਂ ਵਿਚ ਖੁਦ ਨਾ ਪੜ੍ਹਾਈ ਕਰਨ ਵਾਲੇ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਸਰਾਕਰੀ ਸਕੂਲਾਂ ਵਿਚ ਪੜਵਾਈ ਕਰਵਾਉਣ ਦੇ ਚਾਹਵਾਨ ਸਭ ਲੋਕ ਨੌਕਰੀ ਸਰਕਾਰੀ ਭਾਲਦੇ ਹਨ। ਸਰਕਾਰੀ ਪੱਧਰ 'ਤੇ ਭਾਵੇਂ ਉੱਚ ਵਿਦਿਆ ਹਾਸਲ ਵਿਅਕਤੀ ਨੂੰ ਕਲਾਸ ਫੋਰ ਤੱਕ ਦੇ ਅਹੁਦੇ ਦੀ ਪੇਸ਼-ਕਸ਼ ਆ ਜਾਵੇ ਉਹ ਪ੍ਰਾਈਵੇਟ ਤੌਰ 'ਤੇ ਵੱਡੀ ਕੁਰਸੀ ਨੂੰ ਲੱਤ ਮਾਰ ਕੇ ਕਲਾਸ ਫੌਰ ਵਾਲੀ ਕੁਰਸੀ 'ਤੇ ਬੈਠਣਾ ਪਸੰਦ ਕਰੇਗਾ। ਉਸਦੀ ਵਜਹ ਇਹ ਹੈ ਕਿ ਅੱਜ 90 ਫੀਸਦੀ ਤੱਕ ਭ੍ਰਿਸ਼ਟ ਹੋ ਚੁੱਕੀ ਅਫਸਰਸ਼ਾਹੀ ਨੂੰ ਦੇਖਦੇ ਹੋਏ ਇਹ ਸਮਝਿਆ ਜਾਂਦਾ ਹੈ ਕਿ ਜੇਕਰ ਇਕ ਵਾਰ ਸਰਕਾਰੀ ਨੌਕਰੀ ਮਿਲ ਗਈ ਤਾਂ ਜੀਵਨ ਸਫਲ ਹੋ ਗਿਆ। ਅੱਜ ਤੁਸੀਂ ਕਿਸੇ ਵੀ ਵਿਭਾਗ ਦੇ ਕਲਾਸ ਫੋਰ ਕਰਮਚਾਰੀ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਦੇ ਅਧਿਕਾਰੀ ਤੱਕ ਨੂੰ ਦੇਖ ਲਓ। ਜ਼ਿਆਦਤਰ ਕਰਮਚਾਰੀਆਂ ਦੀ ਤਨਖਾਹ ਸਿਰਫ ਉਨ੍ਹਾਂ ਦੇ ਬੈਂਕ ਅਕਾਊਂਟ ਵਿਚ ਜਾਂਦੀ ਹੀ ਹੈ ਉਥੋਂ ਨਿਕਲਦੀ ਨਹੀਂ ਹੈ। ਉਪਰਲੀ ਰਿਸ਼ਵਤ ਦੀ ਕਮਾਈ ਨਾਲ ਕਬਾਬ-ਸ਼ਬਾਬ ਅਤੇ ਲਾਲ ਪਰੀ ਦੇ ਖਰਚ ਤੋਂ ਇਲਾਵਾ ਘਰ ਦਾ ਖਰਚ ਵੀ ਚੱਲਦਾ ਹੈ। ਇਹੀ ਵਜਹ ਹੈ ਕਿ ਹਰ ਕੋਈ ਸਰਕਾਰੀ ਨੌਕਰੀ ਵੱਲ ਨੂੰ ਭੱਜਦਾ ਹੈ। ਇਸਤੋਂ ਇਲਾਵਾ ਦੂਜਾ ਪਹਿਲੂ ਹੈ ਰਾਜਨੀਤਿਕ ਲੋਕਾਂ ਦਾ। ਰਾਜਨੀਤੀ ਵਿਚ ਪ੍ਰਵੇਸ਼ ਕਰਨ ਤੋਂ ਲੈ ਕੇ ਸਥਾਪਤ ਹੋਣ ਵਿਚ ਬਹੁਤ ਲੰਬਾ ਪੈਡਾ ਤੈਅ ਕਰਨਾ ਪੈਂਦਾ ਹੈ। ਪਰ ਸ਼ੁਰੂਆਤੀ ਦੌਰ ਵਿਚ ਹੀ ਰਾਜਨੀਤੀ ਵਿਚ ਕਦਮ ਧਰਨ ਵਾਲਿਆਂ ਵਿਚੋਂ ਬਹੁਤੇ ਆਪਣੇ ਪਹਿਲੇ ਪੜਾਅ ਵਿਚ ਰਾਜਨੀਤਿਕ ਤੌਰ 'ਤੇ ਸਫਲ ਹੋਣ ਜਾਂ ਨਾ ਹੋਣ ਪਰ ਉਹ ਭ੍ਰਿਸ਼ਟਾਚਾਰ ਵਾਲੇ ਪਾਸੇ ਤੋਂ ਜਰੂਰ ਪਾਸ ਹੋ ਜਾਂਦੇ ਹਨ। ਛੋਟੇ ਪੱਧਰ ਤੋਂ ਪੁਲਸ ਚੌਕੀਆਂ ਵਿਚ ਦਲਾਲੀ ਬਾਜ਼ੀ ਕਰਕੇ ਪੈਸੇ ਕਮਾਉਣ ਤੋਂ ਸ਼ੁਰੂ ਹੋ ਕੇ ਅੱਗੇ ਵਧਦੇ ਜਾਂਦੇ ਹਨ 'ਤੇ ਆਮ ਕਹਾਵਤ ਕਿ ਜਿਹੜਾ ਜਿੰਨਾਂ ਵੱਡਾ ਭ੍ਰਿਸ਼ਟਾਚਾਰੀ ਉਹ ਉਨਾਂ ਹੀ ਸਫਲ ਰਾਜਨੀਤਿਕ ਕਹਾਉਂਦਾ ਹੈ। ਇਹੀ ਵਜਹ ਹੈ ਕਿ ਅੱਜ ਸੇਵਾ ਤੋਂ ਸਫਲ ਬਿਜਨਸ ਬਣ ਚੁੱਕੀ ਰਾਜਨੀਤੀ ਵਿਚ ਵੀ ਪ੍ਰਵੇਸ਼ ਕਰਨ ਲਈ ਲੋਕ ਲੱਖਾਂ ਰੁਪਏ ਰੋੜਣ ਲਈ ਤਿਆਰ ਰਹਿੰਦੇ ਹਨ। ਭਾਰਤ ਨੂੰ ਦੋਵਾਂ ਹੱਥਾਂ ਨਾਲ ਇਥੋਂ ਦੇ ਰਾਜਨੀਤਿਕ ਲੋਕਾਂ ਅਤੇ ਅਫਸਰਸ਼ਾਹੀ ਨੇ ਹੀ ਲੁੱਟ ਕੇ ਖਾ ਲਿਆ ਹੈ। ਜਿਸ ਦੇਸ਼ ਨੂੰ ਮੁਗਲ ਅਤੇ ਅੰਗਰੇਜ ਸੈਂਕੜੇ ਸਾਲ ਲਗਾਤਾਰ ਦੋਵਾਂ ਹੱਥਾਂ ਨਾਲ ਲੁੱਟ ਕੇ ਵੀ ਕੰਗਾਲ ਨਹੀਂ ਕਰ ਸਕੇ। ਉਸਨੂੰ 60 ਸਾਲਾਂ ਵਿਚ ਹੀ ਸਾਡੇ ਆਪਣਿਆਂ ਨੇ ਕੰਗਾਲ ਕਰਕੇ ਰੱਖ ਦਿਤਾ ਹੈ। ਹੁਣ ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਭ੍ਰਿਸ਼ਠਾਚਾਰ ਦੇ ਵਿਸ਼ਾਲ ਹੋ ਚੁੱਕੇ ਦਰਖਤ ਨੂੰ ਪੂਰੀ ਤਰ੍ਹਾਂ ਨਾਲ ਜੜੋਂ ਪੁੱਟਣ ਲਈ ਸਖਤ ਕਦਮ ਉਠਾਏ ਜਾਣ ਦੀ ਜਰੂਰਤ ਹੈ। ਮੈਂ ਇਹ ਸਮਝਦਾ ਹਾਂ ਕਿ ਜੇਕਰ ਭ੍ਰਿਸ਼ਟਾਚਾਰ ਵਿਰੁੱਧ ਕੇਂਦਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਤਿੰਨ ਮਹੀਨੇ ਦੇ ਅੰਦਰ ਕਾਰਵਾਈ ਅਮਲ ਵਿਚ ਲਿਆਂਦੀ ਜਾਣੀ ਲਾਜ਼ਮੀ ਕਰਾਰ ਦਿਤੀ ਜਾਂਦੀ ਤਾਂ ਕੁਝ ਹੱਦ ਤੱਕ ਭ੍ਰਿਸ਼ਟਾਚਾਰ ਨੂੰ ਨੱਥ ਪੈ ਸਕਦੀ ਸੀ। ਹੁਣ ਤੱਕ ਜੇਕਰ ਕੋਈ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਫੜਿਆ ਵੀ ਜਾਂਦਾ ਹੈ ਤਾਂ ਉਹ ਰਿਸ਼ਵਤ ਦੇ ਕੇ ਕੁਝ ਹੀ ਸਮੇਂ ਬਾਅਦ ਆਪਣੇ ਪਹਿਲੇ ਅਹੁਦੇ 'ਤੇ ਫਿਰ ਤਾਇਨਾਤ ਹੋ ਜਾਂਦਾ ਹੈ। ਭ੍ਰਿਸ਼ਟਾਚਾਰ ਵਿਚ ਕਾਰਵਾਈ ਕਰਵਾਉਣ ਵਾਲਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ ਅਤੇ ਅੱਗੇ ਵਿੱਖ ਵਿਚ ਕੋਈ ਵੀ ਵਿਅਕਤੀ ਭ੍ਰਿਸ਼ਟਾਚਾਰ ਵਿਰੁੱਧ ਲੜਣ ਦੀ ਹਿਮਾਕਤ ਨਹੀਂ ਕਰਦਾ ਅਤੇ ਭ੍ਰਿਸ਼ਟਾਚਾਰ ਬੇਲਗਾਮ ਵਧਦਾ ਜਾ ਰਿਹਾ ਹੈ। ਅੱਜ ਹਾਲਾਤ ' ਏਕ ਦੋ ਜ਼ਖਮ ਨਹੀਂ ਸਾਰਾ ਜਿਸਮ ਹੈ ਛਲਣੀ, ਦਰਦ ਬੇਚਾਰਾ ਪ੍ਰੇਸ਼ਾਨ ਹੈ ਕਿ ਕਹਾਂ ਸੇ ਉੱਠੇ '' ਵਾਂਗ ਹੋ ਚੁੱਕੇ ਹਨ। ਹਰ ਪਾਸੇ ਭ੍ਰਿਸ਼ਟਾਚਾਰ ਦਾ ਹੀ ਬੋਲਬਾਲਾ ਹੈ। ਹੋ ਸਕਦਾ ਮੇਰੀ ਇਸ ਸੋਚ ਨਾਲ ਕੁਝ ਲੋਕ ਸਹਿਮਤ ਹੋਣ ਅਤੇ ਕੁਝ ਲੋਕ ਇਸਨੂੰ ਬਾਗੀ ਤੇਵਰਾਂ ਵਾਲਾ ਕਰਾਰ ਦੇ ਕੇ ਰੱਦ ਕਰ ਦੇਣ। ਪਰ ਮੈਂ ਅਜਿਹਾ ਸੋਚਦਾਂ ਹਾਂ ਕਿ ਜੇਕਰ 10% ਲੋਕ ਵੀ ਮੇਰੀ ਸੋਚ ਨਾਲ ਸਹਿਮਤ ਹੋ ਕੇ ਭ੍ਰਿਸ਼ਟਾਚਾਰ ਵਿਰੁੱਧ ਜੰਗ ਦਾ ਮੈਦਾਨ ਤਿਆਰ ਕਰ ਲੈਣ ਤਾਂ ਮੈਂ ਉਹ 90% ਨਾਲ ਚੱਲਣ ਦੀ ਬਜਾਏ 10% ਜੁਝਾਰੂ ਲੋਕਾਂ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਨੂੰ ਸੁਭਾਗ ਸਮਝਾਂਗਾ। ਇਸ ਦੇਸ਼ ਵਿਚ ਚੀਨ ਵਰਗਾ ਕਾਨੂੰਨ ਭ੍ਰਿਸ਼ਟਾਚਾਰੀਆਂ ਲਈ ਬਣ ਜਾਵੇ ਇਹ ਇਥੋਂ ਦੇ ਰਾਜਨੀਤਿਕ ਲੋਕ ਅਤੇ ਅਫਸਰਸ਼ਾਹੀ ਕਦੇ ਵੀ ਹੋਣ ਨਹੀਂ ਦੇਵੇਗੀ। ਇਸ ਲਈ ਆਓ ਸ਼ਹੀਦ ਭਗਤ ਸਿੰਘ ਅਤੇ ਹੋਰ ਹਜ਼ਾਰਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਸਾਲ ਮਗਰੋਂ ਇਕ ਦਿਨ ਫੁੱਲ ਭੇਟ ਕਰਨ ਦੀ ਰਸਮ ਨੂੰ ਤੋੜਦੇ ਹੋਏ ਉਨ੍ਹਾਂ ਨੂੰ ਸੱਚੀ ਸ਼ਰਧਾਂਜ਼ਲੀ ਭੇਟ ਕਰੀਏ ਅਤੇ ਇਸ ਭ੍ਰਿਸ਼ਟਾਚਾਰ ਵਿਰੋਧੀ ਜੰਗ ਵਿਚ ਹਰ ਨੌਜਵਾਨ ਭਗਤ ਸਿੰਘ ਬਣਕੇ ਅੱਗੇ ਆਏ। ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣ ਲਈ ਅਪਣਾ ਯੋਗਦਾਨ ਪਾਉਣ ਲਈ ਅੱਗੇ ਆਈਏ।
ਹਰਵਿੰਦਰ ਸਿੰਘ ਸੱਗੂ।
98723-27899

No comments: