jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 13 July 2013

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

www.sabblok.blogspot.com

ਭੋਗ ਅਤੇ ਅੰਤਿਮ ਅਰਦਾਸ 14 ਜੁਲਾਈ ਐਤਵਾਰ ਨੂੰ 
ਪੰਜਾਬ ਸਕਰੀਨ ਅਤੇ ਇਸ ਨਾਲ ਸਬੰਧਿਤ ਹੋਰਨਾਂ ਮੰਚਾਂ ਲਈ ਪਰਦੇ ਪਿਛੇ ਰਹਿ ਕੇ ਪੂਰੀ ਸਰਗਰਮੀ ਨਾਲ ਕੰਮ ਕਰਨ ਵਾਲੀ ਕਲਿਆਣ ਕੌਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। ਉਹ ਮੇਰੀ ਧਰਮ ਪਤਨੀ ਵੀ ਸੀ ਅਤੇ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਵੀ। ਉਸ ਵਲੋਂ ਸੰਭਾਲੀਆਂ ਜ਼ਿੰਮੇਵਾਰੀਆਂ ਨੇ ਮੈਨੂੰ ਇਸ ਖੇਤਰ ਵਿਚ੍ਲੇਕ੍ਨ੍ਮਾਂ ਲੈ ਵੀ ਪੂਰੀ ਤਰ੍ਹਾਂ ਬੇਫਿਕਰ ਕੀਤਾ ਹੋਇਆ ਸੀ। ਸਿਰਫ ਘਰ ਦੇ ਕੰਮ ਹੀ ਨਹੀਂ ਕਲਮੀ ਖੇਤਰ ਵਿੱਚ ਵੀ ਉਹ ਕਾਰਜਸ਼ੀਲ ਰਹੀ।  ਉਸ ਨੇ ਕਈ ਸਾਲ ਪਹਿਲਾਂ ਮੁੰਬਈ ਦੇ ਕੁਝ ਅੰਗ੍ਰੇਜ਼ੀ ਪਰਚਿਆਂ ਲਈ ਵੀ ਲਗਾਤਾਰ ਕਈ ਸਾਲ ਕੰਮ ਕੀਤਾ ਜਿਹਨਾਂ ਵਿੱਚ ਇੰਡੀਅਨ ਐਕਸਪ੍ਰੈਸ ਪੱਤਰ ਸਮੂਹ ਦਾ ਪਰਚਾ ਸਕਰੀਨ  ਵੀ ਸ਼ਾਮਿਲ ਸੀ। ਮੁੰਬਈ ਦੀਆਂ ਫਿਲਮੀ ਹਸਤੀਆਂ ਅਤੇ ਹੋਰ ਸਰਗਰਮੀਆਂ ਨਾਲ ਉਹ ਪੂਰੀ ਤਰ੍ਹਾਂ ਜੁੜੀ ਰਹੀ। ਉਸਨੂੰ ਅਕਸਰ ਵੱਡੀਆਂ ਵੱਡੀਆਂ  ਫਿਲਮ ਪਾਰਟੀਆਂ ਦੇ ਸੱਦੇ ਆਉਂਦੇ ਜਿਹੜੇ ਮੈਨੂੰ ਕਈ ਵਾਰ ਈਰਖਾ ਦੀ ਹੱਦ ਤੱਕ ਹੈਰਾਨ ਕਰ ਦੇਂਦੇ।  ਮੈਨੂੰ ਯਾਦ ਹੈ ਉਸ ਵੇਲੇ ਪੰਜਾਬ ਦਾ ਮਾਹੌਲ ਖਰਾਬ ਸੀ ਅਤੇ ਖਬਰਾਂ ਭੇਜਣ ਲਈ ਇੱਕੋ ਇੱਕ ਸਸਤਾ ਸਾਧਨ ਸੀ ਟੈਲੀਗ੍ਰਾਮ। ਖਰਾਬ ਹਾਲਾਤ ਦੇ ਬਾਵਜੂਦ ਉਹ ਦੇਰ ਰਾਤ ਤੱਕ ਕੰਮ ਕਰਦੀ ਫਿਰ ਰਿਪੋਰਟ ਨੂੰ ਤਿਆਰ ਕਰਦੀ ਅਤੇ ਇਸਤੋਂ ਬਾਅਦ ਜਦੋਂ ਅਸੀਂ ਉਹ ਸਾਰੀ ਰਿਪੋਰਟ ਤਾਰ ਰਾਹੀਂ ਮੁੰਬਈ ਭੇਜ ਕੇ ਘਰ ਮੁੜਦੇ ਤਾਂ ਉਸ  ਸਮੇਂ ਅਧੀ ਰਾਤ ਤੋਂ ਵਧ ਸਮਾਂ ਲੰਘ ਚੁੱਕਿਆ ਹੁੰਦਾ। ਘਰ ਮੁੜ ਕੇ ਆਪਣੇ ਥੈਲਾਸੀਮਿਕ ਬੇਟੇ ਜਾਸਮੀਨ ਨੂੰ ਦਵਾਈ ਦੇਣੀ, ਟੈਂਪਰੇਚਰ ਚੈਕ ਕਰਨਾ ਤੇ ਜੇ ਲੋੜ ਮਹਿਸੂਸ ਹੋਣੀ ਤਾਂ ਉਸਨੂੰ ਲੈ ਕੇ ਤੜਕਸਾਰ ਹਸਪਤਾਲ ਪਹੁੰਚਣ ਦੀ ਤਿਆਰੀ ਵੀ ਕਰ ਲੈਣੀ। ਥੈਲੇਸੀਮੀਆ ਦੀ ਇਸ ਬਿਮਾਰੀ ਨੇ ਉਸ ਨੂੰ ਬਹੁਤ ਸਾਰੀਆਂ ਦਵਾਈਆਂ ਦੀ ਜਾਣਕਾਰੀ ਜ਼ੁਬਾਨੀ ਯਾਦ ਕਰ ਦਿੱਤੀ ਸੀ। ਘਰ ਵਿੱਚ ਪਈਆਂ ਮੇਰੇ ਪਿਤਾ ਜੀ ਦੀਆਂ ਡਾਕਟਰੀ ਦੀਆਂ ਕਿਤਾਬਾਂ ਵੀ ਉਹ ਅਕਸਰ ਪੜਦੀ ਰਹਿੰਦੀ। ਹਸਪਤਾਲ ਵਿੱਚ ਰਾਤ ਦੀ ਸ਼ਿਫਟ ਦੌਰਾਨ ਉਹ ਅਕਸਰ ਜਾਗਦੀ। ਜੇ ਹਸਪਤਾਲ ਦਾ ਸਟਾਫ਼ ਘੱਟ  ਤਾਂ ਉਹ ਸਟਾਫ਼ ਨਾਲ ਹੇਠ ਵਟਾਉਂਦੀ ਅਤੇ ਮਰੀਜਾਂ ਨੂੰ ਘੱਟ ਸਟਾਫ਼ ਦਾ ਅਹਿਸਾਸ ਨਾ ਹੋਣ ਦੇਂਦੀ। ਇਹ  ਸਿਲਸਿਲਾ ਕਈ ਸਾਲ ਚੱਲਿਆ। ਉਮੀਦ ਸੀ ਕਿ ਬੇਟਾ ਬਚ ਜਾਏਗਾ ਪਰ ਉਦੋਂ ਸਾਧਨ ਬਹੁਤ ਹੀ ਘੱਟ ਸਨ। ਥੈਲੇਸੀਮੀਆ ਦੀਆਂ ਸੰਸਥਾਵਾਂ ਵੀ ਨਹੀਂ ਸਨ ਬਣੀਆਂ।
                  ਜਦੋਂ 9 ਕੁ ਸਾਲ ਦੀ ਉਮਰ ਵਿੱਚ ਉਹ ਬੇਟਾ ਵੀ ਚੱਲ ਵੱਸਿਆ ਤਾਂ ਉਦੋਂ ਹੀ ਉਸਦੇ ਅੰਦਰੋਂ ਕੁਝ ਟੁੱਟ ਗਿਆ ਜਿਹੜਾ ਮੁੜ ਕਦੇ ਨਹੀਂ ਜੁੜਿਆ। ਅੰਦਰੋਂ ਟੁੱਟਿਆ ਦਿਲ ਹਰ ਰੋਜ਼ ਮੁਸੀਬਤਾਂ ਦੇ ਨਵੇਂ ਥਪੇੜੇ ਖਾ ਕੇ ਹੋਲੀ ਹੋਲੀ ਤਿੜਕਦਾ ਰਿਹਾ ਤੇ ਮੰਗਲਵਾਰ ਨੂੰ ਤੜਕਸਾਰ ਸਾਢ਼ੇ ਕੁ ਤਿੰਨ ਵਜੇ ਪੂਰੀ ਤਰ੍ਹਾਂ ਖਲੋ ਗਿਆ। ਮੇਰੀ ਬੇਟੀ ਬੋਲੀ ਪਾਪਾ ਅਜੇ ਸਿਰ ਵੀ ਗਰਮ ਹੈ, ਜਿਸਮ ਵੀ ਗਰਮ ਹੈ---ਉਸਦੇ ਬਾਰ ਬਾਰ ਕਹਿਣ ਤੇ ਦੋਬਾਰਾ ਚੈਕ ਕੀਤਾ ਪਰ ਨਾ ਸਾਹ ਚੱਲ ਰਿਹਾ ਸੀ ਤੇ ਨਾ ਹੀ ਨਬਜ਼। ਸੱਜੀ ਬਾਂਹ ਚੁੱਕੀ ਉਹ ਡਿੱਗ ਪਈ---ਖੱਬੀ ਬਾਂਹ ਚੁੱਕੀ ਉਹ ਵੀ ਡਿਗ ਪਈ--ਪੈਰ ਠੰਡੇ ਹੋਣ ਲੱਗ ਪਏ ਸਨ। ਪੰਛੀ ਉਡਾਰੀ ਮਾਰ ਗਿਆ ਸੀ। ਕੁਝ ਪਲ ਪਹਿਲਾਂ ਮਿਲ ਰਿਹਾ ਹੁੰਗਾਰਾ ਹੁਣ ਬੰਦ ਹੋ ਗਿਆ ਸੀ। ਉਸਦੇ ਦੁੱਖਾਂ ਦਾ ਅੰਤ ਹੋ ਗਿਆ ਸੀ। ਲੰਮੇ ਸਮੇਂ ਤੋਂ ਸੰਘਰਸ਼ਾਂ 'ਚ ਚਲੀ ਆ ਰਹੀ ਉਹ ਜਿੰਦ ਨਿਮਾਣੀ ਇਸ ਦੁਨੀਆ ਤੋਂ ਵਿਦਾ ਹੋ ਗਈ ਸੀ।  ਜਿਹੜੀ ਸਾਨੂੰ ਕਦੇ ਉਦਾਸ ਨਹੀਂ ਸੀ ਹੋਣ ਦੇਂਦੀ---ਕਦੇ ਖਾਮੋਸ਼ ਦੇਖਦੀ ਤਾਂ ਝੱਟ ਸੋਚ ਬਦਲਣ ਵਾਲੀ ਕੋਈ ਗੱਲ ਛੇੜ ਲੈਂਦੀ ਅੱਜ ਖੁਦ ਖਾਮੋਸ਼ ਹੋ ਗਈ ਸੀ ਹਮੇਸ਼ਾਂ ਹਮੇਸ਼ਾਂ ਲਈ। ਬਹੁਤ ਕੁਝ ਅਣਕਿਹਾ ਰਹਿ ਗਿਆ--ਬਹੁਤ ਕੁਝ ਅਣਸੁਣਿਆ ਰਹਿ ਗਿਆ। ਮੁਰਦੇ ਨੂੰ ਪੂਜਣ ਵਾਲੀ ਇਸ ਦੁਨੀਆ ਦੀ ਨਿੱਤ ਦਿਨ ਵਾਲੀ ਦੁਨੀਆਦਾਰੀ ਦੇ ਝਮੇਲਿਆਂ ਨੇ ਉਸਦਾ ਆਖਿਰੀ ਸਾਹ ਤੱਕ ਚੂਸ ਲਿਆ। ਉਸਨੇ ਇੱਕ ਇੱਕ ਸਾਹ ਕਰਕੇ ਆਪਣਾ ਪੂਰਾ ਜੀਵਨ ਬਲੀਦਾਨ ਦੇ ਦਿੱਤਾ। ਉਹ ਤੁਰ ਗਈ ਪਰ ਕੁਰਬਾਨੀ ਦੀ ਇੱਕ ਹੋਰ ਮੂਰਤੀ ਸਾਕਾਰ ਹੋ ਗਈ। 
                   ਉਸਨੂੰ ਕੋਈ ਦੁੱਖ ਵੀ ਹੁੰਦਾ ਤਾਂ ਉਹ ਕਦੇ ਨਾ ਦੱਸਦੀ। ਕਦੇ ਕਦੇ ਉਹ ਲੁਕ ਕੇ ਰੋ ਵੀ ਲੈਂਦੀ ਪਰ ਸਾਨੂੰ ਪੂਰੀ ਮੁਸਕਰਾਹਟ ਹੋਂਸਲਾ ਦੇਂਦੀ। ਕਦੇ ਕਿਸਮਤ ਦੀ ਗਲ ਕਰਕੇ, ਕਦੇ ਕਰਮ ਫਲ ਦੇ ਬਹਾਨੇ ਨਾਲ, ਕਦੇ ਰੱਬੀ ਹੁਕਮ ਦੇ ਭਾਣੇ ਗੱਲ ਕਰਕੇ ਤੇ ਕਦੇ ਨਵੇਂ ਸਮਾਜ ਨੂੰ ਸਿਰਜਣ ਲਈ ਚਲਦੇ ਸੰਘਰਸ਼ਾਂ ਵਿੱਚ ਹਿੱਸਾ ਪਾਉਣ ਦੀ ਗੱਲ ਕਰਕੇ। ਵਿਆਹ ਤੋਂ ਬਾਅਦ ਜਦੋਂ ਉਹ ਮੇਰੇ ਨਾਲ ਪਹਿਲੀ ਵਾਰ ਨਵਾਂ ਜ਼ਮਾਨਾ 'ਚ ਗਈ ਤਾਂ ਉਸ ਵੇਲੇ ਮੈਨੇਜਰ ਦੀ ਜਿੰਮੇਵਾਰੀ ਨਿਭਾਉਣ ਵਾਲਾ ਇੱਕ ਪੁਰਾਣਾ ਸਾਥੀ ਮੋਹਨ ਦੇਖਦਿਆਂ ਸਰ ਆਖਣ ਲੱਗਿਆ ਮੈਡਮ ਤੁਸੀਂ ਏਹਨੂੰ ਬੰਦਾ ਕਿਵੇਂ ਬਣਾ ਦਿੱਤਾ? ਮੁਸਕਰਾ ਕੇ  ਬੋਲੀ ਕੀ ਮਤਲਬ? ਫਿਰ ਮੋਹਨ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ ਇਹ ਤਾਂ ਪਹਿਲਾਂ ਜੋਗੀ ਜਿਹਾ ਹੁੰਦਾ ਸੀ ਪਰ ਹੁਣ ਬੰਦਾ ਬਣ ਗਿਆ ਐ। ਮੋਹਨ ਦਾ ਇਸ਼ਾਰਾ ਮੇਰੇ ਜੋਗੀਆ ਰੰਗੇ ਲੰਮੇ ਕੁਰਤੇ, ਖੁੱਲੀ-ਲੰਮੀ ਦਾਹੜੀ ਅਤੇ ਗਲ ਵਿਚ ਲਟਕਦੀ ਲੱਕੜੀ ਦੇ ਪੈਨ ਵਾਲੀ ਮਾਲਾ ਵੱਲ ਸੀ। ਨਵਾਂ ਜ਼ਮਾਨਾ ਦਾ ਉਹ ਅਲੌਕਿਕ ਕਿਸਮ ਦਾ ਮਾਹੌਲ ਦੇਖ ਕੇ ਉਹ ਪੰਜਾਬੀ ਵਿੱਚ ਵੀ ਲਿਖਣ ਲੱਗ ਪਈ। ਕਦੇ ਕਦੇ ਮੈਂ ਉਸਨੂੰ ਉਸਦੀਆਂ ਨਵਾਂ ਜ਼ਮਾਨਾ, ਲੋਕ ਲਹਿਰ, ਅਜੀਤ, ਜਗ ਬਾਣੀ ਅਤੇ ਹੋਰਨਾਂ ਅਖਬਾਰਾਂ ਰਸਾਲਿਆਂ 'ਚ ਛਪੀਆਂ ਲਿਖਤਾਂ ਦਿਖਾ ਕੇ ਦੋਬਾਰਾ ਲਿਖਣ ਵਾਲੇ ਪਾਸੇ ਪ੍ਰੇਰਣਾ ਵੀ ਦੇਣੀ ਤੇ ਇਹਨਾਂ ਲਿਖਤਾਂ ਤੇ ਅਧਾਰਿਤ ਕਿਤਾਬ ਤਿਆਰ ਕਰਨ ਦੀ ਯੋਜਨਾ ਵੀ ਬਣਾਉਣੀ ਪਰ ਉਸਦੇ ਜਿਊਂਦੇ ਜੀਅ ਇਹ ਸਭ ਕੁਝ ਨਹੀਂ ਹੋ ਸਕਿਆ। ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸਦੀਆਂ ਰੇਡੀਓ ਲਈ ਲਿਖੀਆਂ ਵਾਰਤਾਵਾਂ, ਕੁਝ ਨਿਜੀ ਚੈਨਲਾਂ ਲਈ ਲਿਖੀਆਂ ਸਕ੍ਰਿਪਟਾਂ ਅਤੇ ਛਪੀਆਂ ਅਣਛਪੀਆਂ ਲਿਖਤਾਂ ਨੂੰ ਲਭ ਕੇ ਇੱਕ ਸੰਗ੍ਰਹਿ ਛਾਪਿਆ ਜਾ ਸਕੇ। ਉਸ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਦੁੱਖ ਭੰਜਨ ਸਾਹਿਬ, ਨਿਊ ਕੁੰਦਨ ਪੂਰੀ, ਲੀਸਾ ਮਾਰਕੀਟ, ਸਿਵਲ ਲਾਈਨਜ਼ ਲੁਧਿਆਣਾ ਵਿਖੇ 14 ਜੁਲਾਈ ਐਤਵਾਰ ਨੂੰ ਬਾਅਦ ਦੁਪਹਿਰ ਇੱਕ ਵਜੇ ਤੇ ਦੋ ਵਜੇ ਤੱਕ ਹੋਵੇਗੀ। ਇਹ ਗੁਰਦੁਆਰਾ ਕੈਲਾਸ਼ ਸਿਨੇਮੇ ਦੇ ਪਿਛਲੇ ਪਾਸੇ ਹੰਦਾ ਹਸਪਤਾਲ ਦੀ ਬੈਕ ਸਾਈਡ ਤੇ ਸਥਿਤ ਹੈ-ਰੈਕਟਰ ਕਥੂਰੀਆ (98882 72025)

No comments: