ਜਲਾਲਾਬਾਦ, 20 ਜੁਲਾਈ (ਟੋਨੀ ਛਾਬੜਾ/ਹਰਪ੍ਰੀਤ ਪਰੂਥੀ)-ਨਾਜਾਇਜ਼ ਸ਼ਰਾਬ ਕੱਢਣ ਦੇ ਮਾਮਲੇ 'ਚ ਪੂਰੇ ਪੰਜਾਬ ਵਿਚ ਪ੍ਰਸਿੱਧ ਹੋ ਚੁੱਕੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਦੇ ਪਿੰਡ ਮਹਾਲਮ ਵਿੱਚ ਅੱਜ ਸਵੇਰੇ ਤੜਕਸਾਰ ਪੰਜਾਬ ਪੁਲਿਸ ਨੇ ਅਚਾਨਕ ਛਾਪਾਮਾਰੀ ਕੀਤੀ ਜਿਸ ਦੌਰਾਨ ਦਰਜਨਾਂ ਘਰਾਂ ਵਿੱਚ ਸ਼ਰਾਬ ਕੱਢਣ ਵਾਲੀਆਂ ਭੱਠੀਆਂ ਦਾ ਪਰਦਾਫਾਸ਼ ਹੋਇਆ। ਜਿਥੇ ਲੋਕਾਂ ਵੱਲੋਂ ਨਜਾਇਜ਼ ਸ਼ਰਾਬ ਕੱਢਣ ਲਈ ਡਰਮਾਂ ਅਤੇ ਪਾਣੀ ਦੀਆਂ ਟੈਂਕੀਆਂ ਵਰਤੋਂ ਵਿਚ ਲਿਆਂਦੀਆਂ ਜਾਂਦੀਆਂ ਹਨ। ਕਈ ਸ਼ਰਾਬ ਤਸਕਰਾਂ ਨੇ ਆਪਣੇ ਘਰਾਂ ਵਿੱਚ ਡਿੱਗੀਆਂ ਬਣਾ ਕੇ ਉਸ ਨੂੰ ਲਾਹਨ ਨਾਲ ਭਰਿਆ ਹੋਇਆ ਸੀ ਅਤੇ ਡਿੱਗੀਆਂ ਵਿੱਚ
ਸਪੈਸ਼ਲ ਮੋਟਰਾਂ ਅਤੇ ਨਲਕੇ ਵੀ ਲਗਾਏ ਹੋਏ ਸਨ ਤਾਂ ਜੋ ਆਸਾਨੀ ਨਾਲ ਸ਼ਰਾਬ ਕੱਢੀ ਜਾ ਸਕੇ। ਭਾਰੀ ਤਦਾਦ 'ਚ ਪਿੰਡ ਪਹੁੰਚੀ ਪੁਲਿਸ ਨੇ ਸਾਰੇ ਪਿੰਡ ਨੂੰ ਘੇਰ ਲਿਆ। ਪੂਰਾ ਪਿੰਡ ਹੀ ਪੁਲਿਸ ਛਾਉਣੀ 'ਚ ਤਬਦੀਲ ਹੋ ਗਿਆ। ਬਾਅਦ ਵਿੱਚ ਛੋਟੀਆਂ ਛੋਟੀਆਂ ਪੁਲਿਸ ਪਾਰਟੀਆਂ ਬਣਾ ਕੇ ਵੱਖ ਵੱਖ ਘਰਾਂ ਵਿੱਚ ਛਾਪੇਮਾਰੀ ਕੀਤੀ ਜਿੱਥੋਂ ਭਾਰੀ ਮਾਤਰਾ 'ਚ ਕੱਚੀ ਲਾਹਣ ਅਤੇ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਨੇ ਕੱਚੀ ਲਾਹਣ ਨੂੰ ਨਾਲੀਆਂ ਵਿੱਚ ਵਹਾਅ ਦਿੱਤਾ, ਜਿਸ ਕਾਰਨ ਪਿੰਡ 'ਚ ਸ਼ਰਾਬ ਦੇ ਪਰਨਾਲੇ ਵਗਦੇ ਵੇਖੇ ਗਏ। ਪੁਲਿਸ ਨੇ ਸ਼ਰਾਬ ਕੱਢਣ ਲਈ ਵਰਤੀਆਂ ਜਾਂਦੀਆਂ ਭੱਠੀਆਂ, ਡਰਮਾਂ, ਪਾਣੀ ਦੀਆਂ ਟੈਂਕੀਆਂ ਅਤੇ ਹੋਰ ਬਰਤਨ ਆਪਣੇ ਕਬਜ਼ੇ 'ਚ ਲੈ ਲਏ ਅਤੇ ਸ਼ਰਾਬ ਦੇ ਇਸ ਨਜਾਇਜ਼ ਕਾਰੋਬਾਰ 'ਚ ਸ਼ਾਮਿਲ ਲੋਕਾਂ ਨੂੰ ਵੀ ਕਾਬੂ ਕਰ ਲਿਆ। ਇਸ ਮੌਕੇ ਡੀ. ਐਸ. ਪੀ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਪਿੰਡ ਵਿੱਚ ਨਜਾਇਜ਼ ਸ਼ਰਾਬ ਕੱਢਣ ਦਾ ਕਾਰੋਬਾਰ ਵੱਡੀ ਪੱਧਰ 'ਤੇ ਚੱਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਐਸ. ਐਸ. ਪੀ. ਫਾਜ਼ਿਲਕਾ ਸ. ਰਾਜਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ 'ਤੇ ਇੱਥੇ ਛਾਪੇਮਾਰੀ ਕੀਤੀ। ਡੀ.ਐਸ. ਪੀ. ਅਨੁਸਾਰ ਛਾਪੇਮਾਰੀ ਦੌਰਾਨ 1 ਲੱਖ ਲੀਟਰ ਦੇ ਕਰੀਬ ਕੱਚੀ ਲਾਹਣ ਤੇ ਸ਼ਰਾਬ ਬਰਾਮਦ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਥਾਣਾ ਸਿਟੀ ਮੁਖੀ ਜਗਦੀਸ਼ ਕੁਮਾਰ, ਥਾਣਾ ਸਦਰ ਮੁਖੀ ਬਲਜਿੰਦਰ ਸਿੰਘ ਅਤੇ ਭਾਰੀ ਮਾਤਰਾ 'ਚ ਪੁਲਿਸ ਫੋਰਸ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਹਲਕੇ ਦਾ ਪਿੰਡ ਮਹਾਲਮ ਕਾਫ਼ੀ ਸਮੇਂ ਤੋਂ ਵੱਡੀ ਮਾਤਰਾ 'ਚ ਨਜਾਇਜ਼ ਸ਼ਰਾਬ ਕੱਢਣ ਦੇ ਕਾਰੋਬਾਰ ਲਈ ਪ੍ਰਸਿੱਧ ਹੈ ਅਤੇ ਕਈ ਵਾਰ ਇੱਥੇ ਪੁਲਿਸ ਨੇ ਛਾਪੇਮਾਰੀ ਵੀ ਕੀਤੀ ਹੈ ਪਰੰਤੂ ਏਨੀ ਵੱਡੀ ਮਾਤਰਾ 'ਚ ਸ਼ਰਾਬ ਦਾ ਜ਼ਖ਼ੀਰਾ ਬਰਾਮਦ ਕਰਨ ਦਾ ਕ੍ਰਿਸ਼ਮਾ ਪਹਿਲੀ ਵਾਰ ਪੁਲਿਸ ਨੇ ਕੀਤਾ ਹੈ।