jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 July 2013

ਆਂਗਣਵਾੜੀ ਵਰਕਰਾਂ ਅਤੇ ਪੁਲੀਸ ਵਿਚਾਲੇ ਖਿੱਚ-ਧੂਹ, ਹਲਕਾ ਲਾਠੀਚਾਰਜ

www.sabblok.blogspot.com

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਜੁਲਾਈ
ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜੀਆਂ ਆਂਗਣਵਾੜੀ ਵਰਕਰਾਂ ਤੇ ਪੁਲੀਸ ਵਿਚਾਲੇ ਉਸ ਸਮੇਂ ਖਿੱਚ-ਧੂਹ ਹੋਈ ਜਦੋਂ ਪ੍ਰਦਰਸ਼ਨਕਾਰੀ ਵਰਕਰਾਂ ਅਤੇ ਹੈਲਪਰਾਂ ਨੇ ਜਬਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਦਾਖ਼ਲ ਹੋਣ ਦਾ ਯਤਨ ਕੀਤਾ। ਪ੍ਰਦਰਸ਼ਨਕਾਰੀ ਵਰਕਰਾਂ ਨੂੰ ਕੰਪਲੈਕਸ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਪੁਲੀਸ ਨੂੰ ਦੋ ਵਾਰ ਹਲਕਾ ਲਾਠੀਚਾਰਜ ਵੀ ਕਰਨਾ ਪਿਆ।
ਯੂਨੀਅਨ ਦੀ ਸੂਬਾਈ ਪ੍ਰਧਾਨ ਊਸ਼ਾ ਰਾਣੀ ਸਮੇਤ ਦੋ ਵਰਕਰਾਂ ਨੇ ਕੰਧ ’ਤੇ ਚੜ੍ਹ ਕੇ ਕੰਪਲੈਕਸ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਖਿੱਚ ਕੇ ਹੇਠਾਂ ਲਾਹ ਲਿਆ। ਪੁਲੀਸ ਕਾਰਵਾਈ ਤੋਂ ਖਫ਼ਾ ਸੈਂਕੜੇ ਵਰਕਰਾਂ ਅਤੇ ਹੈਲਪਰਾਂ ਨੇ ਕੰਪਲੈਕਸ ਦੇ ਗੇਟ ਅੱਗੇ ਕਰੀਬ ਦੋ ਘੰਟੇ ਧਰਨਾ ਦਿੱਤਾ ਤੇ ਕੇਂਦਰੀ ਮੰਤਰੀ ਦਾ ਪੁਤਲਾ ਫ਼ੂਕਿਆ। ਯੂਨੀਅਨ ਪ੍ਰਧਾਨ ਨੇ ਦਾਅਵਾ ਕੀਤਾ ਕਿ ਪੁਲੀਸ ਦੀ ਖਿੱਚ-ਧੂਹ ਅਤੇ ਲਾਠੀਚਾਰਜ ਦੌਰਾਨ ਕਈ ਵਰਕਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਮਹਿਲਾ ਵਰਕਰਾਂ ’ਤੇ ਲਾਠੀਚਾਰਜ ਕੀਤਾ ਹੈ।
ਪਹਿਲਾਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਇੱਥੇ ਰੇਲਵੇ ਪਾਰਕ ਵਿੱਚ ਇਕੱਤਰ ਹੋਈਆਂ। ਉਹ ਕਾਲੇ ਦੁਪੱਟੇ, ਕਾਲੇ ਬੈਨਰ ਅਤੇ ਕਾਲੇ ਝੰਡਿਆਂ ਨਾਲ ਵਿਭਾਗ ਦੀ ਕੇਂਦਰੀ ਮੰਤਰੀ ਦਾ ਪੁਤਲਾ ਚੁੱਕ ਕੇ ਰੋਸ ਮਾਰਚ ਕਰਦੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ ’ਤੇ ਪੁੱਜੀਆਂ, ਜਿਥੇ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ। ਖਿੱਚ-ਧੂਹ ਵਿੱਚ ਵਰਕਰਾਂ ਦੇ ਝਰੀਟਾਂ ਵੀ ਲੱਗੀਆਂ।
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਊਸ਼ਾ ਰਾਣੀ ਅਤੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਕੌਰ ਕਿਹਾ ਕਿ ਆਈ.ਸੀ.ਡੀ.ਐਸ. ਸਕੀਮ ਨੂੰ ਚੱਲਦਿਆਂ 37 ਸਾਲ ਪੂਰੇ ਹੋਣ ਦੇ ਬਾਅਦ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਕੇਵਲ 4600 ਅਤੇ 2300 ਰੁਪਏ ਮਾਣ ਭੱਤਾ ਮਿਲ ਰਿਹਾ ਹੈ ਪਰ ਸਮੇਂ ਦੀਆਂ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ। ਉਨ੍ਹਾਂ ਇੰਡੀਅਨ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਤੁਰੰਤ ਲਾਗੂ ਕਰਨ, ਆਈ.ਸੀ.ਡੀ.ਐਸ. ਸਕੀਮ ਨੂੰ ਵਿਭਾਗ ਵਿੱਚ ਤਬਦੀਲ ਕਰਨ, ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਤੇ ਗ੍ਰੇਡ ਦੇਣ, ਮੰਗ ਪੂਰੀ ਹੋਣ ਤੱਕ ਵਰਕਰ ਨੂੰ ਘੱਟੋ ਘੱਟ 15 ਹਜ਼ਾਰ ਅਤੇ ਹੈਲਪਰ ਨੂੰ 10 ਹਜ਼ਾਰ ਰੁਪਏ ਮਾਣ ਭੱਤਾ ਲਾਗੂ ਕਰਨ ਆਦਿ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਦੇਸ਼ ਭਰ ਵਿੱਚ ਸਰਕਾਰ ਵਿਰੋਧੀ ਲਹਿਰ ਚਲਾਈ ਜਾਵੇਗੀ। ਇਸ ਮੌਕੇ ਯੂਨੀਅਨ ਆਗੂ ਸੁਰਿੰਦਰ ਕੌਰ ਮੰਡੇਰ, ਜਗਜੀਵਨ ਕੌਰ, ਬਲਵਿੰਦਰ ਕੌਰ ਲਹਿਰਾ, ਸੁਰਿੰਦਰ ਬੜੀ, ਸਰਬਜੀਤ ਕੌਰ, ਮਨਜੀਤ ਕੌਰ ਧੂਰੀ, ਨਿਰਮਲ ਕੌਰ ਤੂਰ, ਕੁਲਵੰਤ ਕੌਰ, ਦਰਸ਼ਨਾ ਆਦਿ ਨੇ ਸੰਬੋਧਨ ਕੀਤਾ।
ਅਖ਼ੀਰ ਏ.ਡੀ.ਸੀ. ਪ੍ਰੀਤਮ ਸਿੰਘ ਜੌਹਲ ਨੇ ਧਰਨਾ ਸਥਾਨ ’ਤੇ ਪੁੱਜ ਕੇ ਮੰਗ ਪੱਤਰ ਲਿਆ ਤਾਂ ਆਂਗਣਵਾੜੀ ਮੁਲਾਜ਼ਮਾਂ ਨੇ ਧਰਨਾ ਖ਼ਤਮ ਕੀਤਾ।

No comments: