jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 6 July 2013

ਪੁਰਾਣੇ ਅਕਾਲੀਆਂ 'ਤੇ ਭਾਰੀ ਪਏ ਨਵੇਂ ਅਕਾਲੀ

www.sabblok.blogspot.com
ਚੰਡੀਗੜ੍ਹ, 6 ਜੁਲਾਈ (ਸੁਖਜਿੰਦਰ ਮਾਨ) : ਪੰਜਾਬ ਵਿਚ ਹੋਈਆਂ ਪੰਚਾਇਤ ਚੋਣਾਂ 'ਚ ਪੁਰਾਣੇ ਅਕਾਲੀਆਂ 'ਤੇ ਨਵੇਂ ਬਣੇ ਅਕਾਲੀ ਭਾਰੀ ਪਏ ਹਨ। ਨਵਿਆਂ ਨੂੰ ਅਪਣਾ ਬਣਾਉਣ ਲਈ ਬਾਦਲ ਨਾਲ ਜੇਲਾਂ ਕੱਟਣ ਵਾਲੇ ਟਕਸਾਲੀ ਅਕਾਲੀ ਜਥੇਦਾਰਾਂ ਨੂੰ ਹਲਕਾ ਇੰਚਾਰਜਾਂ ਵਲੋਂ ਖੁੱਡੇ ਲਗਾ ਦਿਤਾ ਗਿਆ। ਸੂਬੇ ਵਿਚ ਬਹੁਤੀ ਥਾਂ ਅਕਾਲੀ ਬਨਾਮ ਅਕਾਲੀ ਹੀ ਮੁਕਾਬਲਾ ਬਣਿਆ ਹੋਇਆ ਸੀ। ਅਕਾਲੀਆਂ ਵਿਚ ਇਨ੍ਹਾਂ ਚੋਣਾਂ ਨੂੰ ਲੈ ਕੇ ਪੈਦਾ ਹੋਈ ਧੜੇਬੰਦੀ ਲੋਕ ਸਭਾ ਚੋਣਾਂ ਵਿਚ ਪਾਰਟੀ ਦਾ ਨੁਕਸਾਨ ਕਰ ਸਕਦੀ ਹੈ। ਕਾਂਗਰਸ ਦੇ ਆਗੂਆਂ ਵਲੋਂ ਵੀ ਅਕਾਲੀਆਂ ਵਿਚ ਪੈਦਾ ਹੋਈ ਗੁਟਬੰਦੀ ਨੂੰ ਹੋਰ ਹਵਾ ਦੇਣ ਲਈ ਬਹੁਤੀ ਥਾਂ ਅਪਣੇ ਬੰਦੇ ਖੜੇ ਕਰਨ ਦੀ ਬਜਾਏ ਬਾਗ਼ੀ ਅਕਾਲੀ ਧੜਿਆਂ ਦੀ ਖੁਲ੍ਹ ਕੇ ਮਦਦ ਕੀਤੀ। ਸਪੋਕਸਮੈਨ ਵਲੋਂ ਇਕੱਤਰ ਸੂਚਨਾ ਮੁਤਾਬਕ ਅਕਾਲੀ ਪ੍ਰਵਾਰ 'ਚ ਵਾਧਾ ਕਰਨ ਦੇ ਮੰਤਵ ਨਾਲ ਅਕਾਲੀ ਮੰਤਰੀਆਂ, ਵਿਧਾਇਕਾਂ ਤੇ ਹਲਕਾ ਇੰਚਾਰਜਾਂ ਵਲੋਂ ਅਕਾਲੀ ਦਲ ਵਿਚ ਸ਼ਾਮਲ ਕੀਤੇ ਨਵੇਂ ਆਗੂਆਂ ਦੇ ਸਿਰ ਉਪਰ ਹੱਥ ਰਖਿਆ ਗਿਆ। ਇਸ ਨਾਲ ਪੁਰਾਣੇ ਅਕਾਲੀਆਂ ਵਲੋਂ ਅਪਣੇ ਪੱਧਰ 'ਤੇ ਸਰਪੰਚਾਂ ਤੇ ਪੰਚਾਂ ਦੀ ਚੋਣ ਲੜੀ ਗਈ। ਮਾਮਲਾ ਇਥੇ ਹੀ ਖ਼ਤਮ ਨਹੀਂ ਹੁੰਦਾ ਬਲਕਿ ਕਈ ਥਾਂ ਹਲਕਾ ਇੰਚਾਰਜਾਂ ਨੇ ਨਵਿਆਂ ਨੂੰ ਖ਼ੁਸ਼ ਕਰਨ ਲਈ ਪੁਰਾਣਿਆਂ ਦੇ ਕਾਗ਼ਜ਼ ਹੀ ਰੱਦ ਕਰਵਾ ਦਿਤੇ। ਲੋਕ ਸਭਾ ਹਲਕਾ ਬਠਿੰਡਾ ਵਿਚ ਵੀ ਇਹ ਵਰਤਾਰਾ ਵੱਡੀ ਪੱਧਰ 'ਤੇ ਜਾਰੀ ਰਿਹਾ। ਹਾਲਾਂਕਿ ਪੁਰਾਣਿਆਂ ਨੂੰ ਖ਼ੁਸ਼ ਕਰਨ ਲਈ ਨਵਿਆਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਨ ਸਮੇਂ ਉਨ੍ਹਾਂ ਨੂੰ ਪੰਜ ਸਾਲ ਤਕ ਕੋਈ ਅਹੁਦਾ ਨਾ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਬਹੁਤੀ ਥਾਂ ਪੰਜ ਦਿਨ ਪਹਿਲਾਂ ਹੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਸਰਪੰਚੀ ਦੇ ਅਹੁਦਿਆਂ ਨਾਲ ਨਿਵਾਜ ਦਿਤੇ ਗਏ ਜਿਸ ਕਾਰਨ ਪੁਰਾਣੇ ਅਕਾਲੀ ਆਗੂ  ਹੱਥ ਮਲਦੇ ਰਹਿ ਗਏ। ਕਿਤੇ ਅਵਾਜ਼ ਨਾ ਸੁਣਨ ਕਾਰਨ ਦੁਖੀ ਹੁਣ ਇਹ ਪੁਰਾਣੇ ਅਕਾਲੀ ਆਗੂ ਲੋਕ ਸਭਾ ਚੋਣਾਂ ਵਿਚ ਵੋਟਾਂ ਮੰਗਣ 'ਤੇ ਬਾਦਲ ਪ੍ਰਵਾਰ ਨੂੰ ਖ਼ਰੀਆਂ—ਖ਼ਰੀਆਂ ਸੁਣਾਉਣ ਲਈ ਤਰਲੋ ਮੱਛੀ ਹੋ ਰਹੇ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਅੰਦਰ ਵੀ ਕਈ ਥਾਂ ਅਜਿਹਾ ਕੁੱਝ ਦੇਖਣ ਨੂੰ ਮਿਲਿਆ। ਇਸ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਨਵੇਂ ਅਕਾਲੀਆਂ ਨੇ ਪੁਰਾਣੇ ਅਕਾਲੀਆਂ ਨੂੰ ਘਰ ਬੈਠਣ ਲਈ ਮਜਬੂਰ ਕਰ ਦਿਤਾ ਹੈ। ਇਸ ਜ਼ਿਲ੍ਹੇ ਦਾ ਅਕਾਲੀ ਦਲ ਤੇ ਬਾਦਲ ਦਾ ਨਿਜੀ ਸਿਪਾਹ-ਸਲਾਰ ਰਿਹਾ ੱਿਕ ਵੱਡਾ ਅਕਾਲੀ ਆਗੂ ਵੀ ਨਰਾਜ਼ ਹੋ ਕੇ ਬੈਠਾ ਹੋਇਆ ਹੈ ਜਿਸ ਦੇ ਜੱਦੀ ਪਿੰਡ ਵਿਚ ਬਾਦਲ ਪ੍ਰਵਾਰ ਦੀ ਮਿੱਟੀ ਪੁੱਟਣ ਤੋਂ ਬਾਅਦ ਦਲ ਵਿਚ ਸ਼ਾਮਲ ਹੋਏ ਇਕ ਨਵੇਂ ਅਕਾਲੀ ਆਗੂ ਨੇ ਉਸ ਨੂੰ ਧੂੜ ਚਟਾ ਦਿਤੀ। ਇਸੇ ਤਰ੍ਹਾਂ ਫ਼ਰੀਦਕੋਟ ਜ਼ਿਲ੍ਹੇ ਦੇ ਜੈਤੋ ਹਲਕੇ ਵਿਚ ਕਿਸੇ ਸਮੇਂ ਬਾਦਲ ਦੇ ਹਮਰਾਜ਼ ਰਹੇ ਟਕਸਾਲੀ ਆਗੂ ਗੁਰਦੇਵ ਸਿੰਘ ਬਾਦਲ ਦੇ ਸਮਰਥਕਾਂ ਨੂੰ ਨੁਕਰੇ ਲਗਾਉਣ ਲਈ ਚੋਣਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ।


ਫ਼ਰੀਦਕੋਟ ਵਿਧਾਨ ਸਭਾ ਹਲਕੇ ਵਿਚ ਵੀ ਕਈ ਥਾਂ ਅਜਿਹੀਆਂ ਘਟਨਾਵਾਂ ਵਾਪਰੀਆਂ। ਮਾਝੇ ਦੇ ਕਈ ਹਲਕਿਆਂ ਵਿਚ ਵੀ ਟਕਸਾਲੀ ਅਕਾਲੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਅਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਈ ਅਕਾਲੀ ਆਗੂਆਂ ਨੇ ਕਿਹਾ, ''ਇਨ੍ਹਾਂ ਚੋਣਾਂ ਵਿਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਅਪਣੇ ਮੰਤਰੀਆਂ, ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਪੁਰਾਣੇ ਅਕਾਲੀ ਆਗੂਆਂ ਦਾ ਮਾਣ ਬਹਾਲ ਰੱਖਣ ਬਾਰੇ ਕਹਿਣਾ ਚਾਹੀਦਾ ਸੀ''। ਅਕਾਲੀਆਂ ਨੇ ਕਿਹਾ ਕਿ ਜਿਹੜੇ ਆਗੂ ਅੱਜ ਮੌਕੇ ਦਾ ਫ਼ਾਈਦਾ ਉਠਾਉਣ ਲਈ ਅਪਣੀਆਂ ਪਾਰਟੀਆਂ ਨੂੰ ਛੱਡ ਕੇ ਧੜਾ–ਧੜ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ ਤੇ ਉਨ੍ਹਾਂ ਬਾਰੇ ਕੀ ਗਰੰਟੀ ਹੈ ਕਿ ਉਹ ਭੀੜ ਪੈਣ 'ਤੇ ਜਾਂ ਫਿਰ ਅਗਲੀ ਸਰਕਾਰ ਕਾਂਗਰਸ ਦੀ ਬਣਨ 'ਤੇ ਅਕਾਲੀ ਦਲ ਨਾਲ ਹੀ ਖੜੇ ਰਹਿ ਸਕਦੇ ਹਨ? ਇਸ ਬਾਰੇ ਗੱਲ ਕਰਦਿਆਂ ਪੰਜਾਬ ਦੇ ਸੀਨੀਅਰ ਅਕਾਲੀ ਨੇਤਾ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਦੁਜੀਆਂ ਪਾਰਟੀਆਂ ਦੇ ਵਰਕਰਾਂ ਨੂੰ ਜੋੜਣਾ ਬਹੁਤ ਜ਼ਰੂਰੀ ਹੈ ਪਰ ਪਾਰਟੀ ਵਿਚ ਸ਼ਾਮਲ ਕਰਨ ਤੋਂ ਪਹਿਲਾਂ ਅਕਾਲੀ ਆਗੂਆਂ ਨੂੰ ਉਨ੍ਹਾਂ ਆਗੂਆਂ ਦੇ ਪਿਛਲੇ ਰੀਕਾਰਡ ਬਾਰੇ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਕਿਉਂਕਿ ਪਿਛਲੇ ਸਮਿਆਂ ਦੌਰਾਨ ਅਜਿਹੇ ਹੀ ਕੁੱਝ ਦੂਜੀਆਂ ਪਾਰਟੀਆਂ ਵਿਚੋਂ ਆਏ ਆਗੂਆਂ ਕਾਰਨ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ। ਇਸ ਦੇ ਨਾਲ ਹੀ ਇਸ ਨੇਤਾ ਦਾ  ਮੰਨਣਾ ਸੀ ਕਿ ਦੂਜੀਆਂ ਪਾਰਟੀਆਂ ਵਿਚੋਂ ਆਏ ਆਗੂਆਂ ਨੂੰ ਕੋਈ ਅਹੁਦਾ ਦੇਣ ਤੋਂ ਪਹਿਲਾਂ ਅਕਾਲੀ ਦਲ ਦੇ ਸਬੰਧਤ ਵਰਕਰਾਂ ਨੂੰ ਵੀ ਧਿਆਨ ਵਿਚ ਰਖਣਾ ਜ਼ਰੂਰੀ ਹੈ।

No comments: