ਜਲੰਧਰ (ਜੁਗਿੰਦਰ ਸੰਧੂ)-ਅੰਮ੍ਰਿਤਸਰ ਦੇ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਅਤੇ ਉਸ ਦੀ ਪਤਨੀ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਲੱਗਦਾ ਹੈ। ਇਸ ਗੱਲ ਦੀ ਚਰਚਾ ਸੀ ਕਿ ਅੰਮ੍ਰਿਤਸਰ 'ਚ ਐਤਵਾਰ ਅਤੇ ਸੋਮਵਾਰ ਨੂੰ ਹੋਈ ਭਾਜਪਾ ਦੀ ਕਾਰਜਕਾਰਨੀ ਦੀ 2 ਰੋਜ਼ਾ ਮੀਟਿੰਗ ਦੌਰਾਨ ਸਿੱਧੂ ਮਾਮਲਾ ਸੁਲਝਾ ਲਿਆ ਜਾਵੇਗਾ ਪਰ ਅਜਿਹਾ ਨਹੀਂ ਹੋ ਸਕਿਆ। ਦੂਜੇ ਪਾਸੇ ਨਵਜੋਤ ਕੌਰ ਇਸ ਗੱਲ ਤੋਂ ਭੜਕੀ ਹੋਈ ਹੈ ਕਿ ਉਸ ਦੇ ਫੋਨ ਟੈਪ ਕੀਤੇ ਜਾ ਰਹੇ ਹਨ। ਉਸ ਨੇ ਇਹ ਵੀ ਕਹਿ ਦਿੱਤਾ ਹੈ ਕਿ ਫੋਨ ਟੈਪ ਦੇ ਇਸ ਮਾਮਲੇ ਨੂੰ ਉਹ ਅਦਾਲਤ 'ਚ ਲੈ ਜਾਵੇਗੀ ਅਤੇ ਇਸ ਸੰਬੰਧ 'ਚ ਉਹ ਬਕਾਇਦਾ ਪੁਲਸ ਕੇਸ ਦਰਜ ਕਰਵਾਉਣ ਦੀ ਤਿਆਰੀ 'ਚ ਹੈ। ਪਾਰਟੀ ਸੂਤਰਾਂ ਅਨੁਸਾਰ ਇਸ ਸੰਬੰਧ 'ਚ ਵਕੀਲਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ, ਜਿਸ ਪਿੱਛੋਂ ਕੇਸ ਦਰਜ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਨਵਜੋਤ ਕੌਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਪਤੀ ਦੇ ਕਹਿਣ ਉਪਰੰਤ ਹੀ ਸਿਆਸਤ 'ਚ ਉਤਰੀ ਸੀ ਅਤੇ ਵਿਧਾਨ ਸਭਾ ਦੀ ਚੋਣ ਜਿੱਤ ਕੇ ਉਹ ਮੁੱਖ ਸੰਸਦੀ ਸਕੱਤਰ ਬਣੀ। ਮੈਡਮ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇ ਉਸ ਦੇ ਪਤੀ ਦਾ ਪਾਰਟੀ ਨਾਲੋਂ ਮੋਹ ਭੰਗ ਹੋ ਰਿਹਾ ਹੈ ਤਾਂ ਉਹ ਵੀ ਪਾਰਟੀ 'ਚ ਰਹਿ ਕੇ ਕੀ ਕਰੇਗੀ। ਇਸ ਨਜ਼ਰੀਏ ਤੋਂ ਸਪੱਸ਼ਟ ਹੈ ਕਿ ਜੇ ਸਾਬਕਾ ਕ੍ਰਿਕਟਰ ਨੂੰ ਕ੍ਰੀਜ਼ 'ਤੇ ਨਾ ਲਿਆਂਦਾ ਗਿਆ ਤਾਂ ਉਸ ਦੀ ਪਤਨੀ ਵੀ ਪੈਵਿਲੀਅਨ ਪਰਤ ਜਾਵੇਗੀ।
ਇਸ ਦੌਰਾਨ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਫੋਨ ਟੈਪ ਮਾਮਲੇ 'ਚ ਨੱਕਾ ਕਾਂਗਰਸ ਵਲ ਮੋੜਨ ਦਾ ਯਤਨ ਕਰਦਿਆਂ ਕਿਹਾ ਕਿ ਸ਼ਾਇਦ ਨਵਜੋਤ ਕੌਰ ਦੇ ਫੋਨ ਕਾਂਗਰਸ ਟੈਪ ਕਰਵਾ ਰਹੀ ਹੋਵੇਗੀ, ਜਦੋਂ ਕਿ ਨਵਜੋਤ ਸਿੱਧੂ ਦੇ ਬਿਆਨ ਦੀ ਡੂੰਘਾਈ 'ਚ ਜਾਇਆ ਜਾਵੇ ਤਾਂ ਲੱਗਦਾ ਹੈ ਕਿ ਜਿਵੇਂ ਪਾਰਟੀ ਹੀ ਉਨ੍ਹਾਂ ਦੀਆਂ ਗੱਲਾਂ ਟੈਪ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਜਦੋਂ ਕਿ ਦੇਸ਼ ਦੀਆਂ ਆਮ ਚੋਣਾਂ 'ਚ 6 ਮਹੀਨੇ ਵੀ ਨਹੀਂ ਬਚੇ ਤਾਂ ਦੇਖਣਾ ਹੈ ਕਿ ਭਾਜਪਾ ਸਿੱਧੂ-ਕਾਂਡ ਦਾ ਨਿਪਟਾਰਾ ਕਿਸ ਤਰ੍ਹਾਂ ਕਰਦੀ ਹੈ।