ਸਿਰਸਾ- ਉਤਰਾਖੰਡ ਵਿਚ ਆਏ ਭਿਆਨਕ ਹੜ੍ਹ ਕਾਰਨ ਹਰ ਪਾਸਿਓਂ ਪੀੜਤਾਂ ਦੀ ਮਦਦ ਲਈ ਲੋਕ ਅੱਗੇ ਆ ਰਹੇ ਹਨ। ਇਸ ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਕਿਹਾ ਹੈ ਕਿ ਡੇਰੇ ਦੇ 1500 ਪੈਰੋਕਾਰ ਉਤਰਾਖੰਡ ਦੀ ਤ੍ਰਾਸਦੀ ਵਿਚ ਵਿਧਵਾ ਹੋ ਚੁਕੀਆਂ ਔਰਤਾਂ ਨਾਲ ਵਿਆਹ ਕਰਵਾਉਣ ਲਈ ਤਿਆਰ ਹਨ। ਉਨ੍ਹਾਂ ਨੇ ਇਹ ਐਲਾਨ ਬੀਤੇ ਦਿਨੀਂ ਉਤਰਾਖੰਡ ਦੀ ਆਫਤ ਤੋਂ ਪ੍ਰਭਾਵਿਤ ਲੋਕਾਂ ਲਈ 33 ਟਰੱਕਾਂ ਦੀ ਰਾਹਤ ਸਮੱਗਰੀ ਭੇਜਣ ਸਮੇਂ ਕੀਤਾ। ਉਨ੍ਹਾਂ ਨੇ ਇਸ ਮੌਕੇ 'ਤੇ ਇਹ ਗੱਲ ਦੇਵਲੀ-ਬ੍ਰਹਮਗ੍ਰਾਮ ਦੇ ਸੰਦਰਭ ਵਿਚ ਕਹੀ ਜਿਸ ਨੂੰ 'ਵਿਧਵਾਵਾਂ ਦਾ ਪਿੰਡ' ਕਿਹਾ ਜਾ ਰਿਹਾ ਹੈ। ਆਫਤ ਤੋਂ ਬਾਅਦ ਇਸ ਪਿੰਡ ਦੇ ਬਹੁਤ ਸਾਰੇ ਪੁਰਸ਼ ਆਪਣੇ ਘਰਾਂ ਵਿਚ ਨਹੀਂ ਪਰਤੇ।
ਡੇਰਾ ਮੁਖੀ ਨੇ ਕਿਹਾ ਕਿ ਉਕਤ ਪਿੰਡ ਦੇ ਬਹੁਤ ਸਾਰੇ ਆਦਮੀ ਆਫਤ ਵਾਲੇ ਦਿਨ ਕੰਮ ਦੇ ਸਿਲਸਿਲੇ ਵਿਚ ਕੇਦਾਰਨਾਥ ਵਿਚ ਮੌਜੂਦ ਸਨ। ਉਨ੍ਹਾਂ ਵਿਚੋਂ ਕਈ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਆਪਣੀ ਜਾਨ ਗਵਾ ਚੁਕੇ ਹਨ। ਡੇਰਾ ਮੁਖੀ ਨੇ ਕਿਹਾ ਕਿ ਸਾਡਾ ਉਦੇਸ਼ ਉਨ੍ਹਾਂ ਔਰਤਾਂ ਨੂੰ ਛੇਤੀ ਤੋਂ ਛੇਤੀ ਮੁੜ ਵਸੇਬਾ ਕਰਨਾ ਹੈ ਅਤੇ ਇਸੇ ਸਿਲਸਿਲੇ ਵਿਚ ਉਨ੍ਹਾਂ ਲਈ ਨਵਾਂ ਜੀਵਨਸਾਥੀ ਲੱਭਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਔਰਤਾਂ ਦੁਬਾਰਾ ਵਿਆਹ ਨਹੀਂ ਕਰਨਾ ਚਾਹੁੰਦੀਆਂ ਉਨ੍ਹਾਂ ਨੂੰ ਵੀ ਨਵੇਂ ਸਿਰੇ ਤੋਂ ਜੀਵਨ ਦੀ ਗੱਡੀ ਚਲਾਉਣ ਲਈ ਮਦਦ ਦਿੱਤੀ ਜਾਵੇਗੀ।