ਬੋਸਟਨ, 11 ਜੁਲਾਈ (ਏਜੰਸੀ) - ਬੋਸਟਨ ਮੈਰਾਥਨ 'ਚ ਬੰਬ ਧਮਾਕੇ ਕਰਨ ਦੇ ਦੋਸ਼ੀ ਜੋਖਰ ਸਾਰਨੇਵ ਨੇ ਪਹਿਲੀ ਵਾਰ ਅਦਾਲਤ 'ਚ ਪੇਸ਼ੀ ਦੇ ਦੌਰਾਨ ਆਪਣੇ ਆਪ ਨੂੰ ਬੇਗੁਨਾਹ ਦੱਸਿਆ। ਬੋਸਟਨ ਮੈਰਾਥਨ ਧਮਾਕਿਆਂ 'ਚ 3 ਲੋਕਾਂ ਦੀ ਮੌਤ ਹੋ ਗਈ ਸੀ ਤੇ 200 ਤੋਂ ਜਿਆਦਾ ਲੋਕ ਜਖ਼ਮੀਂ ਹੋ ਗਏ ਸਨ। ਸਾਰਨੇਵ 'ਤੇ 30 ਦੋਸ਼ ਲਾਏ ਗਏ ਹਨ। ਇਸ 'ਚ ਹੱਤਿਆ ਦੇ ਦੋ ਦੋਸ਼ ਹਨ। ਜ਼ਿਕਰਯੋਗ ਹੈ ਕਿ ਕਿ 15 ਅਪ੍ਰੈਲ ਨੂੰ ਹੋਏ ਇਨ੍ਹਾਂ ਬੰਬ ਧਮਾਕਿਆਂ 'ਚ ਇੱਕ ਅੱਠ ਸਾਲ ਦੇ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ ਸੀ। ਜੋਖਰ 'ਤੇ ਮੈਸਾਚੁਸੇਟਸ ਇੰਸਟੀਚਿਊਟ ਆਫ ਟੇਕਨੋਲਾਜੀ (ਏਮ. ਆਈ. ਟੀ) ਦੇ ਇੱਕ ਪੁਲਿਸ ਅਧਿਕਾਰੀ ਦੀ ਹੱਤਿਆ ਦਾ ਇਲਜ਼ਾਮ ਵੀ ਹੈ। ਉਸ 'ਤੇ ਕਾਰ ਚੋਰੀ ਕਰਨ ਤੇ ਧਮਾਕਿਆਂ ਤੋਂ ਪਹਿਲਾਂ ਇਸਲਾਮੀ ਅੱਤਵਾਦੀ ਸਮੱਗਰੀ ਡਾਉਨਲੋਡ ਕਰਨ ਦਾ ਵੀ ਦੋਸ਼ ਲਾਇਆ ਗਿਆ ਹੈ।