ਪੇਈਚਿੰਗ—ਚੀਨ ਦੇ ਇਕ ਮਾਸੂਮ ਬੱਚੇ ਨੂੰ ਮਾਂ ਦਾ ਦੁੱਧ ਚੁੰਘਣ ਦੌਰਾਨ ਗਲਤੀ ਨਾਲ ਵੱਢੀ ਗਈ ਦੰਦੀ ਦੀ ਅਜਿਹੀ ਸਜ਼ਾ ਮਿਲੀ ਕਿ ਮਾਂ ਨੇ ਨੇੜੇ ਪਈ ਕੈਂਚੀ ਨਾਲ ਬੱਚੇ ਦਾ ਚਿਹਰਾ ਛਲਣੀ ਕਰ ਦਿੱਤਾ। ਅੱਠ ਮਹੀਨਿਆਂ ਦੇ ਇਸ ਮਾਸੂਮ ਬੱਚੇ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਮਾਂ ਨੂੰ ਦੰਦੀ ਵੱਢਣੀ ਹੈ ਜਾਂ ਨਹੀਂ। ਮਾਂ ਜਿਹੜੀ ਕਿ ਇਹ ਸਭ ਕੁਝ ਸਮਝਦੀ ਸੀ, ਇਸ ਦੇ ਬਾਵਜੂਦ ਉਹ ਮਾਮੂਲੀ ਜਿਹੀ ਪੀੜ ਨੂੰ ਬਰਦਾਸ਼ ਨਹੀਂ ਕਰ ਸਕੀ ਅਤੇ ਉਸ ਨੇ ਕੈਂਚੀ ਨਾਲ ਆਪਣੇ ਦੁੱਧ ਚੁੰਘਦੇ ਬੱਚੇ ਦੇ ਮੂੰਹ ਨੂੰ 90 ਥਾਂਵਾਂ ਤੋਂ ਛਲਣੀ ਕਰ ਦਿੱਤਾ। ਲਹੂ-ਲੁਹਾਣ ਹੋਏ ਬੱਚੇ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੇ ਮੂੰਹ 'ਤੇ 100 ਤੋਂ ਜ਼ਿਆਦਾ ਟਾਂਕੇ ਲਾਏ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੂਰਬੀ ਚੀਨ ਦੇ ਜਿੰਗਯਾਸ਼ੂ ਸੂਬੇ ਦਾ ਇਹ ਬੱਚਾ ਜਿਸ ਘਰ ਵਿਚ ਰਹਿੰਦਾ ਹੈ ਉੱਥੇ ਉਸ ਦੀ ਮਾਂ ਤੋਂ ਇਲਾਵਾ ਉਸ ਦੇ ਦੋ ਚਾਚੇ ਵੀ ਰਹਿੰਦੇ ਹਨ। ਬੱਚੇ ਦੇ ਚਾਚੇ ਨੇ ਜਦੋਂ ਮਾਸੂਮ ਦੀਆਂ ਚੀਕਾਂ ਸੁਣੀਆਂ ਅਤੇ ਉਸ ਨੂੰ ਖੂਨ ਵਿਚ ਲਥਪੱਥ ਦੇਖਿਆ ਤਾਂ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਗੁਆਂਢ ਵਿਚ ਰਹਿਣ ਵਾਲੇ ਪਰਿਵਾਰ ਨੇ ਸਥਾਨਕ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬੱਚੇ ਨੂੰ ਆਪਣੇ ਕਬਜ਼ੇ ਵਿਚ ਲੈ ਲਵੇ, ਪਰ ਸਰਕਾਰ ਦਾ ਕਹਿਣਾ ਹੈ ਕਿ ਬੱਚੇ ਦੀ ਦੇਖਭਾਲ ਲਈ ਉਸ ਦੀ ਮਾਂ ਤੋਂ ਇਲਾਵਾ ਘਰ ਵਿਚ ਉਸ ਦੇ ਦੋ ਚਾਚੇ ਵੀ ਮੌਜੂਦ ਹਨ। ਇਸ ਗੱਲ ਦੀ ਪੁਸ਼ਟੀ ਨਹੀਂ ਸਕੀ ਹੈ ਕਿ ਬੱਚੇ ਦੀ ਮਾਂ ਮਾਨਸਿਕ ਰੋਗ ਦੀ ਸ਼ਿਕਾਰ ਹੈ ਜਾਂ ਨਹੀਂ ਅਤੇ ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਚੀਨ ਵਿਚ ਮਾਨਸਿਕ ਰੋਗ ਇਕ ਗੰਭੀਰ ਸਮੱਸਿਆ ਹੈ ਕਿਉਂਕਿ ਉੱਥੇ ਲੋਕ ਮਾਨਸਿਕ ਰੋਗਾਂ ਦੇ ਇਲਾਜ ਲਈ ਕਿਸੇ ਮਨੋਵਿਗਿਆਨੀ ਕੋਲ ਨਹੀਂ ਜਾਂਦੇ।